IND v NZ WTC Final : ਨਿਊਜ਼ੀਲੈਂਡ ਬਣਿਆ ਪਹਿਲਾ ਵਿਸ਼ਵ ਟੈਸਟ ਚੈਂਪੀਅਨ

06/23/2021 11:09:54 PM

ਸਾਊਥੰਪਟਨ- ਟਾਪ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੀ ਅਗਵਾਈ ’ਚ ਆਪਣੇ ਗੇਂਦਬਾਜ਼ਾਂ ਦੇ ਲਾਜਵਾਬ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਭਾਰਤ ਨੂੰ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ 6ਵੇਂ ਅਤੇ ਆਖਰੀ ਦਿਨ ਬੁੱਧਵਾਰ ਨੂੰ ਦੂਜੀ ਪਾਰੀ ’ਚ 170 ਦੌੜਾਂ ’ਤੇ ਸਮੇਟ ਦਿੱਤਾ, ਜਿਸ ਨਾਲ ਉਸ ਨੂੰ ਵਿਸ਼ਵ ਟੈਸਟ ਚੈਂਪੀਅਨ ਬਣਨ ਲਈ 139 ਦੌੜਾਂ ਦਾ ਟੀਚਾ ਮਿਲਿਆ। ਇਸ ਟੀਚੇ ਨੂੰ ਉਸ ਨੇ 45.5 ਓਵਰਾਂ ’ਚ 2 ਵਿਕਟਾਂ ’ਤੇ 140 ਦੌੜਾਂ ਬਣਾ ਕੇ ਪਹਿਲਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।

ਨਿਊਜ਼ੀਲੈਂਡ ਦਾ ਇਹ ਪਹਿਲਾ ਵਿਸ਼ਵ ਟੈਸਟ ਖਿਤਾਬ ਹੈ। ਕੇਨ ਵਿਲੀਅਮਸਨ ਨੇ ਇਸ ਜਿੱਤ ਨਾਲ ਵਿਰਾਟ ਕੋਹਲੀ ਦਾ ਪਹਿਲਾ ਆਈ. ਸੀ. ਸੀ. ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਵਿਰਾਟ ਨੂੰ 2019 ’ਚ ਇੰਗਲੈਂਡ ’ਚ ਹੋਏ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦਾ 2013 ’ਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਅਗਲਾ ਆਈ. ਸੀ. ਸੀ. ਖਿਤਾਬ ਜਿੱਤਣ ਦਾ ਇੰਤਜ਼ਾਰ ਲਗਾਤਾਰ ਵਧਦਾ ਜਾ ਰਿਹਾ ਹੈ।

ਇਸ ਫਾਈਨਲ ’ਚ ਇਕ ਵਾਧੂ ਦਿਨ 6ਵੇਂ ਅਤੇ ਰਿਜ਼ਰਵ ਦਿਨ ਦੇ ਰੂਪ ’ਚ ਜੋੜਿਆ ਗਿਆ ਸੀ। ਮੈਚ ’ਚ ਪਹਿਲੇ ਅਤੇ ਚੌਥੇ ਦਿਨ ਦੀ ਖੇਡ ਪੂਰੀ ਤਰ੍ਹਾਂ ਮੀਂਹ ਨਾਲ ਧੋਤਾ ਗਿਆ ਸੀ ਅਤੇ ਬਾਕੀ 3 ਦਿਨ ਵੀ ਮੀਂਹ ਨਾਲ ਰੁਕਾਵਟ ਰਹੀ ਸੀ ਪਰ ਮੈਚ ਦੇ 6ਵੇਂ ਅਤੇ ਰਿਜ਼ਰਵ ਦਿਨ ਮੌਸਮ ਪੂਰੀ ਤਰ੍ਹਾਂ ਸਾਫ ਰਿਹਾ ਅਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੀ ਪਾਰੀ ’ਚ 170 ਦੌੜਾਂ ’ਤੇ ਨਿੱਬੇੜ ਕੇ ਖਿਤਾਬ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੇ ਨਿਊਜ਼ੀਲੈਂਡ ਨੂੰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਪਹਿਲੀਆਂ 2 ਸਫਲਤਾਵਾਂ ਲੈ ਕੇ 2 ਸ਼ੁਰੂਆਤੀ ਝਟਕੇ ਦਿੱਤੇ ਪਰ ਕਪਤਾਨ ਵਿਲੀਅਮਸਨ ਨੇ ਰਾਸ ਟੇਲਰ ਦੇ ਨਾਲ 96 ਦੌੜਾਂ ਦੀ ਚੰਗੀ ਅਜੇਤੂ ਸਾਂਝੇਦਾਰੀ ਕਰ ਕੇ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਖਿਤਾਬ ਨਿਊਜ਼ੀਲੈਂਡ ਦੀ ਝੋਲੀ ’ਚ ਪਾ ਦਿੱਤਾ।


ਇਹ ਵੀ ਪੜ੍ਹੋ : ਗੋਲਫਰ ਰਿੱਕੀ ਫਾਊਲਰ ਨਵੰਬਰ ’ਚ ਬਣਨਗੇ ਪਿਤਾ, ਪਤਨੀ ਐਲੀਸਨ ਸਟੋਕ ਹੈ ਗਰਭਵਤੀ

ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ’ਚ 32 ਦੌੜਾਂ ਦੇ ਮਾਮੂਲੀ ਵਾਧਾ ਹਾਸਲ ਸੀ ਪਰ ਮੀਂਹ ਨਾਲ ਪ੍ਰਭਾਵਿਤ ਇਸ ਮੁਕਾਬਲੇ ’ਚ ਉਸ ਵਾਧੇ ਦਾ ਅਸਰ ਅੰਤਿਮ ਦਿਨ ਵਿਖਾਈ ਦਿੱਤਾ। ਸਾਫ ਮੌਸਮ ’ਚ ਭਾਰਤ ਨੇ 2 ਵਿਕਟਾਂ ’ਤੇ 64 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ 8 ਦੌੜਾਂ ਅਤੇ ਚੇਤੇਸ਼ਵਰ ਪੁਜਾਰਾ ਨੇ 12 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਸਟੀਕ ਗੇਂਦਬਾਜ਼ੀ ਨਾਲ ਲਗਾਤਾਰ ਦਬਾਅ ’ਚ ਰੱਖਿਆ। ਪਹਿਲੀ ਪਾਰੀ ’ਚ 5 ਵਿਕਟਾਂ ਲੈਣ ਵਾਲੇ 6 ਫੁੱਟ 8 ਇੰਚ ਲੰਮੇ ਤੇਜ਼ ਗੇਂਦਬਾਜ਼ ਕਾਇਲ ਜੈਮਿਸਨ ਨੇ ਵਿਰਾਟ ਨੂੰ ਵਿਕਟਕੀਪਰ ਬੀ. ਜੇ. ਵਾਟਲਿੰਗ ਦੇ ਹੱਥੋਂ ਕੈਚ ਕਰਵਾ ਦਿੱਤਾ। ਜੈਮਿਸਨ ਨੇ ਫਿਰ ਪੁਜਾਰਾ ਨੂੰ ਸਲਿਪ ’ਚ ਰਾਸ ਟੇਲਰ ਦੇ ਹੱਥੋਂ ਕੈਚ ਕਰਵਾ ਦਿੱਤਾ।

ਇਸ ਤੋਂ ਬਾਅਦ ਉਪ-ਕਪਤਾਨ ਅਜਿੰਕਿਆ ਰਹਾਣੇ ਅਤੇ ਵਿਕਟਕੀਪਰ ਰਿਸ਼ਭ ਪੰਤ ਨੇ 5ਵੇਂ ਵਿਕਟ ਲਈ 37 ਦੌੜਾਂ ਜੋਡ਼ੀਆਂ। ਹਾਲਾਂਕਿ ਟਰੇਂਟ ਬੋਲਟ ਨੇ ਰਹਾਣੇ ਨੂੰ ਵਾਟਲਿੰਗ ਦੇ ਹੱਥੋਂ ਕੈਚ ਕਰਵਾ ਦਿੱਤਾ। ਪੰਤ ਨੇ ਫਿਰ ਰਵਿੰਦਰ ਜਡੇਜਾ ਦੇ ਨਾਲ 6ਵੇਂ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਕੀਤੀ। ਨੀਲ ਵੈਗਨਰ ਨੇ ਜਡੇਜਾ ਨੂੰ ਵਾਟਲਿੰਗ ਦੇ ਹੱਥੋਂ ਕੈਚ ਕਰਵਾਂ ਦਿੱਤਾ। ਜਡੇਜਾ ਦੇ ਆਊਟ ਹੋਣ ਤੋਂ ਬਾਅਦ ਪੰਤ ਵੀ ਆਪਣਾ ਸਬਰ ਗਵਾ ਬੈਠੇ ਅਤੇ ਬੋਲਟ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਗੇਂਦ ਨੂੰ ਉੱਚਾ ਖੇਡ ਗਏ, ਜਿਸ ’ਤੇ ਹੇਨਰੀ ਨਿਕੋਲਸ ਨੇ ਆਪਣੇ ਪਿੱਛੇ ਦੌੜ ਲਾਉਣ ਤੋਂ ਬਾਅਦ ਸ਼ਾਨਦਾਰ ਅੰਦਾਜ਼ ’ਚ ਕੈਚ ਝਪਟ ਲਿਆ। ਇਸ ਸਕੋਰ ’ਤੇ ਰਵੀਚੰਦਰਨ ਅਸ਼ਵਿਨ ਅਗਲੀ ਗੇਂਦ ’ਤੇ ਪਹਿਲੀ ਸਲਿਪ ’ਚ ਟੇਲਰ ਦੇ ਹੱਥੋਂ ਝਪਟੇ ਗਏ। ਮੁਹੰਮਦ ਸ਼ਮੀ ਨੇ ਆਉਣ ਤੋਂ ਬਾਅਦ 10 ਗੇਂਦਾਂ ’ਚ 3 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ ਪਰ ਉਹ ਸਾਊਥੀ ਦਾ ਸ਼ਿਕਾਰ ਬਣ ਗਏ। ਸਾਊਥੀ ਨੇ ਫਿਰ ਜਸਪ੍ਰੀਤ ਬੁਮਰਾਹ ਨੂੰ ਟਾਮ ਲਾਥਮ ਦੇ ਹੱਥੋਂ ਜ਼ੀਰੋ ’ਤੇ ਕੈਚ ਕਰਵਾ ਕੇ ਭਾਰਤ ਦੀ ਪਾਰੀ 170 ਦੌੜਾਂ ’ਤੇ ਸਮੇਟ ਦਿੱਤੀ।

ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰੰਮੀ, ਜਸਪ੍ਰੀਤ ਬੁਮਰਾਹ

ਨਿਊਜ਼ੀਲੈਂਡ (ਪਲੇਇੰਗ ਇਲੈਵਨ) : ਟਾਮ ਲਾਥਮ, ਡੇਵਨ ਕੌਨਵੇ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਬੀ.ਜੇ. ਵਾਟਲਿੰਗ (ਵਿਕਟਕੀਪਰ), ਕੋਲਿਨ ਡੀ ਗ੍ਰੈਂਡਹੋਮ, ਕੈਲ ਜੈਮੀਸਨ, ਨੀਲ ਵੈਗਨਰ, ਟਿਮ ਸਾਊਥੀ, ਟ੍ਰੈਂਟ ਬੋਲਟ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh