ਭਾਰਤ ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ’ਚ 30 ਤਮਗੇ ਲੈ ਕੇ ਚੋਟੀ ’ਤੇ ਰਿਹਾ

10/10/2021 4:27:50 PM

ਲੀਮਾ– ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ, ਆਦਰਸ਼ ਸਿੰਘ ਤੇ ਵਿਜਯਵੀਰ ਸਿੰਘ ਸਿੱਧੂ ਨੇ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ। ਭਾਰਤ ਇਸ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ 30 ਤਮਗੇ ਲੈ ਕੇ ਚੋਟੀ ’ਤੇ ਰਿਹਾ। ਭਾਰਤੀ ਤਿਕੜੀ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਜਰਮਨੀ ਦੇ ਫੈਬਿਅਆਨ ਓਟੋ, ਫੇਲਿਕਸ ਲੁਕਾ ਹੋਲਫੇਥ ਤੇ ਟੋਬਿਆਸ ਗਸੋਲ ਨੂੰ ਹਰਾਇਆ।
 
ਭਾਰਤ ਦੀ ਮਾਨਵੀ ਸੋਨੀ (105) ਨੇ ਮਹਿਲਾਵਾਂ ਦੀ ਜੂਨੀਅਰ ਡਬਲ ਟ੍ਰੈਪ ਵਿਚ ਸੋਨ ਤਮਗਾ ਜਿੱਤਿਆ। ਉਹ ਹਮਵਤਨ ਯੋਸ਼ਾਯਾ ਹਫੀਜ਼ ਕਾਂਟ੍ਰੈਕਟਰ (90) ਤੇ ਹਿਤਾਸ਼ਾ (76) ਤੋਂ ਅੱਗੇ ਰਹੀ। ਇਸ ਪ੍ਰਤੀਯੋਗਿਤਾ ਵਿਚ ਸਿਰਫ ਭਾਰਤੀ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ। ਪੁਰਸ਼ਾਂ ਦੇ ਡਬਲਜ਼ ਟ੍ਰੈਪ ਵਿਚ ਵਿਨੇ ਪ੍ਰਤਾਪ ਸਿੰਘ ਚੰਦ੍ਰਾਵਤ ਨੇ 120 ਦਾ ਸਕੋਰ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ। ਸਹਿਜਪ੍ਰੀਤ ਸਿੰਘ (114) ਨੇ ਚਾਂਦੀ ਤੇ ਮਯੰਕ ਸ਼ੌਕੀਨ (111) ਨੇ ਕਾਂਸੀ ਤਮਗਾ ਜਿੱਤਿਆ । ਆਯੁਸ਼ੀ ਪੋਦਾਰ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 50 ਮੀਟਰ ਰਾਈਫਲ 3 ਪੋਜੀਸ਼ਨ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ। ਭਾਰਤ 13 ਸੋਨ, 11 ਚਾਂਦੀ ਤੇ 6 ਕਾਂਸੀ ਤਮਗਿਆਂ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਰਿਹਾ ਹੈ। ਅਮਰੀਕਾ 6 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਲੈ ਕੇ ਦੂਜੇ ਸਥਾਨ ’ਤੇ ਰਿਹਾ।

Tarsem Singh

This news is Content Editor Tarsem Singh