ਵਿਸ਼ਵ ਕੱਪ 2023 ਤੇ ਚੈਂਪੀਅਨਸ ਟਰਾਫੀ 2021 ਦੀ ਮੇਜ਼ਬਾਨੀ ਕਰੇਗਾ ਭਾਰਤ

12/11/2017 8:36:20 PM

ਨਵੀਂ ਦਿੱਲੀ—ਭਾਰਤ ਸਾਲ 2021 'ਚ ਆਈ.ਸੀ.ਸੀ. ਚੈਂਪੀਅਨਸ ਟਰਾਫੀ ਅਤੇ 2023 'ਚ ਹੋਣ ਵਾਲੇ 50 ਓਵਰ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਬੀ.ਸੀ.ਸੀ.ਆਈ. ਨੇ ਆਪਣੀ ਸਪੈਸ਼ਲ ਜਨਰਲ ਮੀਟਿੰਗ  (ਐੱਸ.ਜੀ.ਐੱਮ.) ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਬੈਕ ਟੂ ਬੈਕ ਆਈ.ਸੀ.ਸੀ. ਦੇ ਦੋਵੇਂ ਵੱਡੇ ਟੂਰਨਾਮੈਟਾਂ ਦਾ ਅਯੋਜਨ ਭਾਰਤ 'ਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਭਾਰਤ ਸਾਲ 1987, 1996 ਅਤੇ 2011 'ਚ ਭਾਰਤ 50 ਓਵਰ ਦੇ ਵਿਸ਼ਵ ਕੱਪ ਦੀ ਮੇਜਬਾਨੀ ਕਰ ਚੁੱਕਿਆ ਹੈ। 2011 ਵਿਸ਼ਵ ਕੱਪ ਟੂਰਨਾਮੈਂਟ 'ਚ ਭਾਰਤ ਨੇ ਆਪਣੀ ਮੇਜਬਾਨੀ 'ਚ ਸ਼ਾਨਦਾਰ ਨੁਮਾਇਸ਼ ਕਰ ਖਿਤਾਬ ਆਪਣੇ ਨਾਮ ਕੀਤਾ ਸੀ। 1983 'ਚ ਕਪਿਲ ਦੇਵ ਦੀ ਕਪਤਾਨੀ 'ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਹ ਦੂਜਾ ਮੌਕਾ ਸੀ, ਜਦੋਂ ਭਾਰਤ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਸੀ। 
ਭਾਰਤ ਨੇ 2011 ਵਿਸ਼ਵ ਕੱਪ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਜਿੱਤਿਆ ਸੀ। ਫਾਇਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਮਾਤ ਦੇ ਕੇ ਭਾਰਤੀ ਟੀਮ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਜਿੱਤ ਦੇ ਬਾਅਦ ਭਾਰਤ ਆਪਣੀ ਸਰਜਮੀਂ 'ਤੇ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। ਹਾਲਾਂਕਿ, ਇਸ ਦੇ ਬਾਅਦ ਸਾਲ 2015 'ਚ ਆਸਟਰੇਲੀਆ ਆਪਣੀ ਧਰਤੀ 'ਤੇ ਵਿਸ਼ਵ ਕੱਪ ਜਿੱਤ ਕੇ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਦੇਸ਼ ਬਣਿਆ ਸੀ। 
ਵਿਸ਼ਵ ਕੱਪ ਤੋਂ ਇਲਾਵਾ 2021 'ਚ ਆਈ.ਸੀ.ਸੀ. ਚੈਂਪਿਅਨਸ ਟਰਾਫੀ ਦੀ ਮੇਜਬਾਨੀ ਵੀ ਭਾਰਤ ਹੀ ਕਰੇਗਾ। ਇਸ ਸਾਲ ਇੰਗਲੈਂਡ 'ਚ ਖੇਡੀ ਗਈ ਆਈ.ਸੀ.ਸੀ. ਚੈਂਪਿਅਨਸ ਟਰਾਫੀ 'ਚ ਭਾਰਤ ਰਨਰ-ਅਪ ਰਿਹਾ ਸੀ। ਜਿੱਥੇ ਫਾਈਨਲ ਮੁਕਾਬਲੇ 'ਚ ਉਸਨੂੰ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਦੇ ਹੱਥੋਂ ਹਾਰ ਦਾ ਸਾਮਣਾ ਕਰਨਾ ਪਿਆ ਸੀ।