IND vs BAN: ਕੋਲਕਾਤਾ 'ਚ ਪਿਛਲੇ 7 ਸਾਲਾਂ ਤੋਂ ਕੋਈ ਟੈਸਟ ਮੈਚ ਨਹੀਂ ਹਾਰੀ ਟੀਮ ਇੰਡੀਆ, ਦੇਖੋ ਰਿਕਾਰਡਜ਼

11/22/2019 12:59:25 PM

ਸਪੋਰਟਸ ਡੈਸਕ—  ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ ਅੱਜ ਸ਼ੁੱਕਰਵਾਰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਟੈਸਟ ਮੈਚ ਡੇ-ਨਾਈਟ ਹੋਵੇਗਾ ਅਤੇ ਭਾਰਤ ਅਤੇ ਬੰਗਲਾਦੇਸ਼ ਦੋਵੇਂ ਟੀਮਾਂ ਆਪਣੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਡੇਅ-ਨਾਈਟ ਟੈਸਟ ਮੈਚ ਖੇਡਣਗੀਆਂ। ਨਾਲ ਹੀ ਇਹ ਮੁਕਾਬਲਾ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਨੇ ਇੰਦੌਰ 'ਚ ਪਹਿਲਾ ਟੈਸਟ ਮੁਕਾਬਲਾ ਪਾਰੀ ਅਤੇ 130 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਹੈ ਅਤੇ ਦੂਜੇ ਮੈਚ 'ਚ ਵੀ ਉਸ ਦਾ ਪੱਖ ਭਾਰੀ ਰਹਿਣ ਦੀ ਉਮੀਦ ਹੈ। ਆਈ. ਸੀ. ਸੀ. ਰੈਂਕਿੰਗ ਦੀ 9ਵੇਂ ਨੰਬਰ ਦੀ ਬੰਗਲਾਦੇਸ਼ ਟੀਮ ਇਸ ਮੈਚ 'ਚ ਟਾਪ ਰੈਂਕਿੰਗ ਦੀ ਟੀਮ ਇੰਡੀਆ ਨੂੰ ਚੁਣੌਤੀ ਦੇ ਸਕੇਗੀ ਇਸਦੀ ਸੰਭਾਵਨਾ ਨਾ ਦੇ ਬਰਾਬਰ ਹੈ। ਇਹ ਮੈਚ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਸਟੇਡੀਅਮ 'ਚ ਆਉਣ ਦੀ ਉਮੀਦ ਹੈ। ਤਾਂ ਆਓ ਇਹ ਜਾਣ ਲੈਂਦੇ ਹਾਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਭਾਰਤ ਦਾ ਹੁਣ ਤੱਕ ਦਾ ਟੈਸਟ ਰਿਕਾਰਡ ਕਿਸ ਤਰ੍ਹਾਂ ਦਾ ਰਿਹਾ ਹੈ।


1934 'ਚ ਖੇਡਿਆ ਸੀ ਟੀਮ ਇੰਡੀਆ ਨੇ ਪਹਿਲਾ ਟੈਸਟ
ਟੀਮ ਇੰਡੀਆ ਨੇ ਈਡਨ ਗਾਰਡਨ ਦੇ ਸਟੇਡੀਅਮ 'ਚ ਪਹਿਲਾ ਟੈਸਟ ਮੈਚ ਸਾਲ 1934 'ਚ ਖੇਡਿਆ ਸੀ। ਤਦ ਇੰਗਲੀਸ਼ ਟੀਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਭਾਰਤ ਦੌਰੇ 'ਤੇ ਸੀ। ਸੀਰੀਜ਼ ਦਾ ਦੂਜਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਗਿਆ ਸੀ। ਹਾਲਾਂਕਿ ਟੀਮ ਇੰਡੀਆ ਇਹ ਮੈਚ ਜਿੱਤ ਤਾਂ ਨਹੀਂ ਸਕੀ ਸੀ ਪਰ ਹਾਰੀ ਵੀ ਨਹੀਂ ਸੀ। ਆਖਰ 'ਚ ਮੁਕਾਬਲਾ ਡਰਾਅ ਰਿਹਾ ਸੀ।

ਈਡਨ ਗਾਰਡਨ ਦੇ ਮੈਦਾਨ 'ਤੇ ਟੀਮ ਇੰਡੀਆ ਦੇ 20 ਟੈਸਟ ਮੈਚ ਰਹੇ ਡਰਾਅ
ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ ਖਾਸ ਜਗ੍ਹਾ ਹੈ। ਇਸ ਮੈਦਾਨ 'ਤੇ ਟੀਮ ਇੰਡੀਆ ਹੁਣ ਤੱਕ 41 ਟੈਸਟ ਮੈਚ ਖੇਡ ਚੁੱਕੀ ਹੈ ਜਿਨ੍ਹਾਂ 'ਚੋਂ 12 ਮੈਚਾਂ 'ਚ ਜਿੱਤ ਦਰਜ ਕੀਤੀ ਹੈ ਜਦ ਕਿ 9 ਮੈਚਾਂ 'ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਟੀਮ ਇੰਡੀਆ ਦੇ ਇਸ ਮੈਦਾਨ 'ਤੇ 20 ਟੈਸਟ ਮੈਚ ਡਰਾਅ ਰਹੇ ਹਨ।
ਇਸ ਮੈਦਾਨ 'ਤੇ ਸਭ ਤੋਂ ਜ਼ਿਆਦਾ ਵਾਰ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ
ਭਾਰਤ ਨੂੰ ਇਸ ਮੈਦਾਨ 'ਤੇ ਹੁਣ ਤੱਕ 9 ਟੈਸਟ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਦਾਨ 'ਤੇ ਭਾਰਤ ਨੂੰ ਸਭ ਤੋਂ ਜ਼ਿਆਦਾ ਤਿੰਨ ਟੈਸਟ ਮੈਚਾਂ 'ਚ ਵੈਸਟਇੰਡੀਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਸਟਰੇਲੀਆ ਅਤੇ ਇੰਗਲੈਂਡ ਨੇ ਉਸ ਨੂੰ ਦੋ-ਦੋ ਵਾਰ ਹਰਾਇਆ ਜਦ ਕਿ ਦੱ. ਅਫਰੀਕਾ ਅਤੇ ਪਾਕਿਸਤਾਨ ਇੱਥੇ ਇਕ-ਇਕ ਵਾਰ ਜੇਤੂ ਹੋਏ ਹਨ।

ਪਿਛਲੇ 7 ਸਾਲਾਂ ਤੋਂ ਕੋਈ ਟੈਸਟ ਨਹੀਂ ਹਾਰੀ ਟੀਮ ਇੰਡੀਆ
ਟੀਮ ਇੰਡੀਆ ਨੂੰ ਇਸ ਮੈਦਾਨ 'ਤੇ ਪਿਛਲੀ ਟੈਸਟ ਹਾਰ 2012 'ਚ ਇੰਗਲੈਂਡ ਦੇ ਹੱਥੋਂ ਮਿਲੀ ਸੀ। ਤਦ ਐੱਮ. ਐੱਸ. ਧੋਨੀ ਦੀ ਕਪਤਾਨੀ 'ਚ ਭਾਰਤ ਨੇ ਇੱਥੇ ਇੰਗਲੈਂਡ ਖਿਲਾਫ ਮੈਚ ਖੇਡਿਆ ਸੀ। ਇਸ ਟੈਸਟ ਮੈਚ 'ਚ ਇੰਗਲੈਂਡ ਨੇ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਸ ਮੈਦਾਨ 'ਤੇ 3 ਟੈਸਟ ਮੈਚ ਖੇਡੇ ਜਿਨ੍ਹਾਂ 'ਚੋਂ ਦੋ ਮੈਚਾਂ 'ਚ ਉਹ ਜੇਤੂ ਜਦ ਕਿ ਇਕ ਮੈਚ ਡਰਾਅ ਰਿਹਾ ਸੀ।
ਭਾਰਤ ਦਾ ਬੈਸਟ ਸਕੋਰ
ਕੋਲਕਾਤਾ ਈਡਨ ਗਾਰਡਨ ਦੇ ਸਟੇਡੀਅਮ 'ਚ ਭਾਰਤ ਦਾ ਸਰਵਸ਼੍ਰੇਸ਼ਠ ਟੈਸਟ ਸਕੋਰ 657 ਦੌੜਾਂ ਦਾ ਹੈ ਜਦ ਕਿ ਲੋਅ ਸਕੋਰ 90 ਦੌੜਾਂ ਦਾ ਹੈ।

ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼
ਕੋਲਕਾਤਾ ਦੇ ਇਸ ਮੈਦਾਨ 'ਚ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਹਨ। ਲਕਸ਼ਮਣ ਨੇ ਇੱਥੇ 10 ਮੈਚ ਖੇਡ ਕੇ 1217 ਦੌੜਾਂ ਬਣਾਈਆਂ ਹਨ ਜਿਸ 'ਚ ਪੰਜ ਸੈਂਕੜੇ ਅਤੇ 3 ਅਰਧ ਸੈਂਕੜੇ ਸ਼ਾਮਲ ਹਨ।
ਇਸ ਮੈਦਾਨ 'ਤੇ ਕੋਹਲੀ ਦਾ ਪ੍ਰਦਸ਼ਨ ਹੈ ਖ਼ਰਾਬ
ਟੀਮ ਇੰਡੀਆ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਈਡਨ ਗਾਰਡਨ 'ਚ ਟੈਸਟ ਰਿਕਾਰਡ ਜ਼ਿਆਦਾ ਬਿਹਤਰ ਨਹੀਂ ਹੈ। ਕੋਹਲੀ ਨੇ ਇੱਥੇ ਚਾਰ ਮੈਚ ਖੇਡੇ ਹਨ ਜਿਨਾਂ 'ਚ 31.16 ਦੀ ਔਸਤ ਨਾਲ ਕੁਲ 187ਦੌੜਾਂ ਹੀ ਬਣਾਈਆਂ ਹਨ। ਇਸ 'ਚ ਸਿਰਫ ਇਕ ਸੈਂਕੜਾ ਸ਼ਾਮਲ ਹੈ , ਜੋ ਉਨ੍ਹਾਂ ਨੇ 2017 'ਚ ਸ਼੍ਰੀਲੰਕਾ ਖਿਲਾਫ ਬਣਾਇਆ ਸੀ।