ਭਾਰਤ ਵਿਸ਼ਵ ਜੂਨੀਅਰ ਸਕੁਐਸ਼ ਵਿਚ ਛੇਵੇਂ ਸਥਾਨ ਉੱਤੇ

07/29/2017 2:22:27 PM

ਚੇਨਈ— ਭਾਰਤ ਨੇ ਨਿਊਜ਼ੀਲੈਂਡ ਦੇ ਤੌਰੰਗਾ 'ਚ ਚਲ ਰਹੀ 2017 ਡਬਲਯੂ.ਐੱਸ.ਐੱਫ. ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੀ ਲੜਕੀਆਂ ਦੀ ਟੀਮ ਪ੍ਰਤੀਯੋਗਿਤਾ 'ਚ ਅੱਜ ਛੇਵਾਂ ਸਥਾਨ ਹਾਸਲ ਕੀਤਾ। ਐੱਸ.ਆਰ.ਐੱਫ.ਆਈ. ਦੇ ਬਿਆਨ ਦੇ ਮੁਤਾਬਕ ਭਾਰਤ ਨੂੰ ਪੰਜਵੇਂ-ਛੇਵੇਂ ਸਥਾਨ ਦੇ ਮੁਕਾਬਲੇ ਵਿਚ ਅਮਰੀਕਾ ਦੇ ਖਿਲਾਫ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਕਾਬਲੇ 'ਚ ਭਾਰਤ ਦੀ ਚੰਗੀ ਸ਼ੁਰੂਆਤ ਨਹੀਂ ਰਹੀ ਜਦੋਂ ਆਕਾਂਕਸ਼ਾ ਸਾਲੁੰਖੇ ਨੂੰ ਮਾਰਿਨਾ ਸਟੇਫਾਨੋਨੀ ਦੇ ਖਿਲਾਫ 2-11, 9-11, 4-11 ਤੋਂ ਪਹਿਲਾਂ ਸਿੰਗਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਸੁਨਯਨਾ ਕੁਰੂਵਿਲਾ ਨੇ ਇਸ ਤੋਂ ਬਾਅਦ ਗ੍ਰੇਸ ਡੋਇਲ 7-11, 11-3, 11-7, 11-7 ਨਾਲ ਹਰਾ ਕੇ ਭਾਰਤ ਨੂੰ ਬਰਾਬਰੀ ਦਿਵਾਈ। ਤੀਜੇ ਅਤੇ ਫੈਸਲਾਕੁੰਨ ਮੁਕਾਬਲੇ 'ਚ ਐਸ਼ਵਰਿਆ ਭੱਟਾਚਾਰਿਆ ਨੂੰ ਐਲੀ ਰਗੇਰੋ ਖਿਲਾਫ 7-11, 5-11, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਅਮਰੀਕਾ ਨੇ ਜਿੱਤ ਦਰਜ ਕੀਤੀ। ਨੀਦਰਲੈਂਡ ਵਿਚ 2015 'ਚ ਹੋਈ ਪਿਛਲੀ ਪ੍ਰਤੀਯੋਗਿਤਾ 'ਚ ਭਾਰਤ ਅੱਠਵੇਂ ਸਥਾਨ 'ਤੇ ਰਿਹਾ ਸੀ।