CWG : ਲਾਨ ਬਾਲ 'ਚ ਭਾਰਤ ਦਾ ਚਾਂਦੀ ਤਮਗ਼ਾ ਪੱਕਾ, ਗੋਲਡ ਲਈ ਦੱ. ਅਫਰੀਕਾ ਨਾਲ ਹੋਵੇਗਾ ਮੁਕਾਬਲਾ

08/01/2022 5:30:22 PM

ਬਰਮਿੰਘਮ- ਭਾਰਤੀ ਮਹਿਲਾ ਲਾਨ ਬਾਲਸ ਦੀ ਟੀਮ ਨੇ ਸੋਮਵਾਰ ਨੂੰ ਇੱਥੇ ਮਹਿਲਾ ਫੋਰਸ (ਚਾਰ ਖਿਡਾਰੀਆਂ ਦੀ ਟੀਮ) ਮੁਕਾਬਲੇ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ 16-13 ਨਾਲ ਹਰਾ ਕੇ ਜਿੱਤ ਦਰਜ ਕੀਤੀ ਤੇ ਇਸ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਲਾਨ ਬਾਲਸ 'ਚ ਆਪਣਾ ਇਤਿਹਾਸਕ ਪਹਿਲਾ ਤਮਗ਼ਾ ਪੱਕਾ ਕੀਤਾ। ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਮਹਿਲਾ ਫੋਰਸ ਫਾਰਮੈਟ ਦੇ ਫਾਈਨਲ ਵਿੱਚ ਪਹੁੰਚੀ ਹੈ। ਲਵਲੀ ਚੌਬੇ (ਲੀਡ), ਪਿੰਕੀ (ਸੈਕਿੰਡ), ਨਯਨਮੋਨੀ ਸੇਕੀਆ (ਥਰਡ) ਅਤੇ ਰੂਪਾ ਰਾਣੀ ਟਿਰਕੀ (ਸਕਿਪ) ਦੀ ਭਾਰਤੀ ਮਹਿਲਾ ਫੋਰਸ ਟੀਮ ਮੰਗਲਵਾਰ ਨੂੰ ਨਿਸ਼ਚਿਤ ਕੀਤੇ ਚਾਂਦੀ ਦੇ ਤਮਗ਼ੇ ਨੂੰ ਸੋਨ ਤਮਗ਼ੇ 'ਚ ਬਦਲਣ ਲਈ ਦੱਖਣੀ ਅਫਰੀਕਾ ਨਾਲ ਭਿੜੇਗੀ। 

ਇਹ ਵੀ ਪੜ੍ਹੋ : ਬ੍ਰਿਟੇਨ ਭਵਿੱਖ 'ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਕਰੇ ਮੇਜ਼ਬਾਨੀ: ਰਿਸ਼ੀ ਸੁਨਕ

ਭਾਰਤੀ ਟੀਮ ਨੇ ਸੇਲਿਨਾ ਗੋਡਾਰਡ (ਲੀਡ), ਨਿਕੋਲ ਟੂਮੀ (ਸਕਿੰਡ), ਟੇਲ ਬਰੂਸ (ਥਰਡ) ਅਤੇ ਵੇਲ ਸਮਿਥ (ਸਕਿਪ) ਦੀ ਨਿਊਜ਼ੀਲੈਂਡ ਟੀਮ ਦੇ ਖਿਲਾਫ ਦੂਜੇ ਪੜਾਅ ਦੇ ਬਾਅਦ 0-5 ਨਾਲ ਪਿੱਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਨੌਵੇਂ ਗੇੜ ਤੋਂ ਬਾਅਦ ਦੋਵੇਂ ਟੀਮਾਂ 7-7 ਨਾਲ ਬਰਾਬਰੀ 'ਤੇ ਸਨ, ਜਦਕਿ 10ਵੇਂ ਦੌਰ ਤੋਂ ਬਾਅਦ ਭਾਰਤ ਨੇ 10-7 ਦੀ ਬੜ੍ਹਤ ਬਣਾ ਲਈ ਸੀ। ਇਸ ਕਰੀਬੀ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ 14ਵੇਂ ਦੌਰ ਤੋਂ ਬਾਅਦ 13-12 ਦੀ ਮਾਮੂਲੀ ਬੜ੍ਹਤ ਲੈਣ ਵਿੱਚ ਕਾਮਯਾਬ ਰਹੀ। ਇਸ ਤੋਂ ਬਾਅਦ ਭਾਰਤ ਨੇ ਰੂਪਾ ਰਾਣੀ ਦੇ ਸ਼ਾਨਦਾਰ ਸ਼ਾਟ ਦੀ ਬਦੌਲਤ 16-13 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ। ਭਾਰਤੀ ਪੁਰਸ਼ ਜੋੜੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ ਵਿੱਚ ਉੱਤਰੀ ਆਇਰਲੈਂਡ ਤੋਂ 8-26 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh