ਕੁਆਰਟਰਫਾਈਨਲ ''ਚ ਚੀਨ ਖਿਲਾਫ 0-3 ਦੀ ਹਾਰ ਨਾਲ ਭਾਰਤ ਸੁਦਿਰਮਨ ਕੱਪ ਤੋਂ ਬਾਹਰ

05/26/2017 4:25:20 PM

ਗੋਲਡ ਕੋਸਟ (ਆਸਟਰੇਲੀਆ)— ਭਾਰਤ ਨੂੰ ਚੋਟੀ ਦਾ ਦਰਜਾ ਪ੍ਰਾਪਤ ਅਤੇ 10 ਵਾਰ ਦੇ ਚੈਂਪੀਅਨ ਚੀਨ ਦੇ ਖਿਲਾਫ ਕੁਆਰਟਰਫਾਈਨਲ 'ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸੁਦਿਰਮਨ ਕੱਪ ਮਿਕਸਡ ਟੀਮ ਚੈਂਪੀਅਨਸ਼ਿਪ 'ਚ ਟੀਮ ਦੀ ਮੁਹਿੰਮ ਸਮਾਪਤ ਹੋ ਗਈ। ਨੌਵਾਂ ਦਰਜਾ ਪ੍ਰਾਪਤ ਚੀਨ ਦੀ ਚੁਣੌਤੀ ਨੂੰ ਤੋੜਨਾ ਮੁਸ਼ਕਲ ਸੀ ਅਤੇ ਅਸ਼ਵਿਨੀ ਪੋਨੱਪਾ ਅਤੇ  ਸਾਤਵਿਕਸਾਈਰਾਜ ਰੰਕੀਰੇਡੀ ਦੀ ਮਿਕਸਡ ਡਬਲਜ਼ ਜੋੜੀ ਦੇ ਲਈ ਲੂ ਕਾਈ ਅਤੇ ਹੁਆਂਗ ਯਾਕੀਯੋਂਗ ਦੀ ਦੁਨੀਆ ਦੀ ਦੂਜੇ ਨੰਬਰ ਦੀ ਜੋੜੀ ਨਾਲ ਮੁਕਾਬਲਾ ਆਸਾਨ ਨਹੀਂ ਰਿਹਾ ਅਤੇ ਭਾਰਤੀ ਜੋੜੀ ਨੂੰ ਹਾਰ ਝੱਲਣੀ ਪਈ।
ਚੀਨ ਦੀ ਤਜਰਬੇਕਾਰ ਜੋੜੀ ਨੇ ਪਹਿਲੇ ਮੈਚ 'ਚ ਅਸ਼ਵਿਨੀ ਅਤੇ ਸਾਤਵਿਕਸਾਈਰਾਜ ਨੂੰ 16-21, 21-13, 21-16 ਨਾਲ ਇਕ ਘੰਟੇ ਅਤੇ ਤਿੰਨ ਮਿੰਟ 'ਚ ਹਰਾ ਕੇ ਆਪਣੀ ਟੀਮ ਨੂੰ ਜੇਤੂ ਸ਼ੁਰੂਆਤ ਦਿਵਾਈ। ਕੇ. ਸ਼੍ਰੀਕਾਂਤ ਦੇ ਸਾਹਮਣੇ ਇਸ ਤੋਂ ਬਾਅਦ ਓਲੰਪਿਕ ਚੈਂਪੀਅਨ ਚੇਨ ਲੋਂਗ ਦੀ ਚੁਣੌਤੀ ਸੀ ਅਤੇ ਭਾਰਤੀ ਖਿਡਾਰੀ ਦੇ ਕੁਝ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਪੁਰਸ਼ ਸਿੰਗਲ ਮੁਕਾਬਲੇ 'ਚ 48ਵੇਂ ਮਿੰਟ 'ਚ 16.21, 17-21 ਨਾਲ ਹਾਰ ਝਲਣੀ ਪਈ ਜਿਸ ਨਾਲ ਭਾਰਤ 0-2 ਨਾਲ ਪਛੱੜ ਗਿਆ। ਸਾਤਵਿਕਸਾਈਰਾਜ ਅਤੇ ਚਿਰਾਗ ਸੇਨ ਦੀ ਯੁਵਾ ਜੋੜੀ ਵੀ ਇਸ ਤੋਂ ਬਾਅਦ ਹਾਈਫੇਂਗ ਅਤੇ ਝਾਂਗ ਨਾਨ ਦੀ ਜੋੜੀ ਤੋਂ ਪੁਰਸ਼ ਡਬਲਜ਼ 'ਚ 9-21, 11-21 ਨਾਲ ਹਾਰ ਗਈ ਜਿਸ ਨਾਲ ਚੀਨ ਨੇ 3-0 ਦੀ ਜੇਤੂ ਬੜ੍ਹਤ ਬਣਾਈ। 
ਇਸ ਤੋਂ ਬਾਅਦ ਮਹਿਲਾ ਸਿੰਗਲਜ਼ 'ਚ ਪੀ.ਵੀ. ਸਿੰਧੂ ਨੂੰ ਉਤਰਨਾ ਸੀ ਜਦਕਿ ਮਹਿਲਾ ਡਬਲਜ਼ ਮੁਕਾਬਲਾ ਵੀ ਹੋਣਾ ਸੀ ਪਰ ਇਹ ਸਿਰਫ ਰਸਮੀ ਮੁਕਾਬਲੇ ਰਹਿ ਗਏ। ਭਾਰਤ ਨੇ ਇਸ ਤੋਂ ਪਹਿਲਾਂ ਸਿਰਫ ਇਕ ਵਾਰ 2011 'ਚ ਨਾਕਆਊਟ ਦੇ ਲਈ ਕੁਆਲੀਫਾਈ ਕੀਤਾ ਸੀ ਅਤੇ ਉਦੋਂ ਵੀ ਉਸ ਨੂੰ ਚੀਨ ਦੇ ਖਿਲਾਫ 1-3 ਨਾਲ ਹਾਰ ਝਲਣੀ ਪਈ ਸੀ। ਰਾਊਂਡ ਰੋਬਿਨ ਪੜਾਅ 'ਚ 10 'ਚੋਂ ਸਿਰਫ ਇਕ ਮੈਚ ਗੁਆਉਣ ਵਾਲਾ ਚੀਨ ਸੈਮੀਫਾਈਨਲ 'ਚ ਜਾਪਾਨ ਅਤੇ ਮਲੇਸ਼ੀਆ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜੇਗਾ।