ਸ਼ਹਿਜ਼ਾਰ ਨੇ ਚਾਂਦੀ ਨਾਲ ਚਾਂਗਵਾਨ ''ਚ ਖੋਲ੍ਹਿਆ ਭਾਰਤ ਦਾ ਖਾਤਾ

04/24/2018 11:12:47 PM

ਨਵੀਂ ਦਿੱਲੀ— ਵਿਸ਼ਵ ਰਿਕਾਰਡਧਾਰੀ ਭਾਰਤੀ ਨਿਸ਼ਾਨੇਬਾਜ਼ ਸ਼ਹਿਜ਼ਾਰ ਰਿਜ਼ਵੀ ਨੇ ਚਾਂਗਵਾਨ ਇੰਟਰਨੈਸ਼ਨਲ ਸ਼ੂਟਿੰਗ ਰੇਂਜ 'ਚ ਮੰਗਲਵਾਰ ਆਈ. ਐੱਸ. ਐੱਸ. ਐੈੱਫ. ਵਰਲਡ ਕੱਪ ਰਾਈਫਲ/ਪਿਸਟਲ/ ਸ਼ਾਟਗੰਨ ਦੇ ਦੂਜੇ ਗੇੜ 'ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਿਆ, ਜਿਹੜਾ ਟੂਰਨਾਮੈਂਟ 'ਚ ਭਾਰਤ ਦਾ ਪਹਿਲਾ ਤਮਗਾ ਵੀ ਹੈ।
ਸ਼ਹਿਜ਼ਾਰ ਦਾ ਪ੍ਰਦਰਸ਼ਨ ਆਪਣੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ 'ਚ ਸ਼ਾਨਦਾਰ ਰਿਹਾ ਹੈ ਅਤੇ ਉਹ ਸਿਰਫ 0.2 ਅੰਕਾਂ ਦੇ ਫਰਕ ਨਾਲ ਸੋਨ ਤਮਗੇ ਤੋਂ ਖੁੰਝ ਗਿਆ ਤੇ ਦੂਜੇ ਸਥਾਨ 'ਤੇ ਰਹਿ ਕੇ ਉਸ ਨੂੰ ਚਾਂਦੀ ਤਮਗਾ ਮਿਲਿਆ। ਰੂਸ ਦੇ ਆਰਟਮ ਚੇਨਾਰਸੋਵ ਨੂੰ ਸੋਨਾ ਤੇ ਬੁਲਗਾਰੀਆ ਦੇ ਸਾਮੁਇਲ ਡੋਨਕੋਵ ਨੂੰ ਕਾਂਸੀ ਤਮਗਾ ਮਿਲਿਆ।
24 ਸ਼ਾਟਾਂ ਦੇ ਫਾਈਨਲ 'ਚ ਸ਼ਹਿਜ਼ਾਰ ਫਾਈਨਲ ਸ਼ਾਟ 'ਚ 0.2 ਅੰਕਾਂ ਨਾਲ ਰੂਸੀ ਖਿਡਾਰੀ ਤੋਂ ਪਿਛੜ ਗਿਆ, ਜਦਕਿ ਦੋਵਾਂ ਦਾ ਸਕੋਰ ਇਕ ਬਰਾਬਰ 10.0 ਰਿਹਾ। ਆਰਟਮ ਨੇ 240.0 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭਾਰਤੀ ਨਿਸ਼ਾਨੇਬਾਜ਼ ਦਾ ਕੁਲ ਸਕੋਰ 239.8 ਰਿਹਾ। ਸਾਮੁਇਲ 22ਵੀਂ ਸ਼ਾਟ ਨਾਲ ਕਾਂਸੀ ਤਮਗੇ ਲਈ ਪਿਛੜ ਗਿਆ ਤੇ 217.1 ਅੰਕ ਨਾਲ ਤੀਜੇ ਨੰਬਰ 'ਤੇ ਰਿਹਾ।