ਏਸ਼ੀਆਈ ਕੱਪ ਕੁਆਲੀਫਾਇਰ ਲਈ ਭਾਰਤ ਦਾ ਅਭਿਆਸ ਸ਼ੁਰੂ

11/07/2017 4:52:49 AM

ਮੁੰਬਈ— ਭਾਰਤੀ ਰਾਸ਼ਟਰੀ ਸੀਨੀਅਰ ਫੁੱਟਬਾਲ ਟੀਮ ਨੇ ਮਿਆਂਮਾਰ ਵਿਰੁੱਧ ਹੋਣ ਵਾਲੇ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇਰ ਲਈ ਸੋਮਵਾਰ ਮੁੰਬਈ 'ਚ ਆਪਣਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਟੀਮ 11 ਨਵੰਬਰ ਤਕ ਅਭਿਆਸ ਸੈਸ਼ਨ 'ਚ ਹਿੱਸਾ ਲਵੇਗੀ ਤੇ ਇਸ ਤੋਂ ਬਾਅਦ ਗੋਆ ਲਈ ਰਵਾਨਾ ਹੋਵੇਗੀ, ਜਿਥੇ ਉਸ ਨੇ 14 ਨਵੰਬਰ ਨੂੰ ਮਿਆਂਮਾਰ ਵਿਰੁੱਧ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇਰ ਮੁਕਾਬਲੇ 'ਚ ਉਤਰਨਾ ਹੈ। ਕੋਟ ਸਟੀਫਨ ਕੋਂਸਟੇਨਟਾਈਨ ਨੇ ਪਹਿਲਾਂ ਹੀ 28 ਸੰਭਾਵਿਤ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੀ। ਜ਼ਖ਼ਮੀ ਰੌਲਿਨ ਬੋਰਜਰਸ ਤੇ ਨਿਖਿਲ ਪੁਜਾਰੀ ਟੀਮ 'ਚ ਪਰਤ ਆਏ ਹਨ ਤੇ ਉਨ੍ਹਾਂ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਭਾਰਤ 2019 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਹੋਣ ਵਾਲੇ ਏ. ਐੱਫ. ਸੀ. ਏਸ਼ੀਆਈ ਕੱਪ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ। ਟੀਮ ਨੇ ਹੁਣ ਤਕ ਚਾਰੋਂ ਮੈਚ ਜਿੱਤ ਕੇ 12 ਅੰਕ ਹਾਸਲ ਕੀਤੇ ਹਨ। ਭਾਰਤ ਨੇ ਆਪਣੇ ਪਿਛਲੇ ਮੁਕਾਬਲੇ 'ਚ ਕਪਤਾਨ ਸੁਨੀਲ ਸ਼ੇਤਰੀ ਦੇ ਸ਼ਾਨਦਾਰ ਗੋਲ ਦੀ ਬਦੌਲਤ ਜਿੱਤ ਦਰਜ ਕੀਤੀ ਸੀ।