ਭਾਰਤ ਤੇ ਕੋਹਲੀ ਦਾ ਟੈਸਟ ਰੈਂਕਿੰਗ ''ਚ ਚੋਟੀ ਦਾ ਸਥਾਨ ਬਰਕਰਾਰ

01/21/2019 6:50:48 PM

ਦੁਬਈ— ਆਸਟਰੇਲੀਆ 'ਚ ਟੈਸਟ ਲੜੀ ਵਿਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਤੇ ਉਸਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਥੇ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਭਾਰਤ ਦੇ 116 ਅੰਕ ਹਨ ਤੇ ਉਹ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਬਣੀ ਹੋਈ ਹੈ। ਕਪਤਾਨ ਕੋਹਲੀ ਦੇ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 922 ਅੰਕ ਹਨ ਤੇ ਉਹ ਦੂਜੇ ਸਥਾਨ 'ਤੇ ਕਾਬਜ਼ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (897) ਤੋਂ 25 ਅੰਕ ਅੱਗੇ ਹੈ।


ਆਸਟਰੇਲੀਆ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਚੇਤੇਸ਼ਵਰ ਪੁਜਾਰਾ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ ਜਦਕਿ ਨੌਜਵਾਨ ਰਿਸ਼ਭ ਪੰਤ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 17ਵੇਂ ਸਥਾਨ 'ਤੇ ਹੈ। ਗੇਂਦਬਾਜ਼ਾਂ ਵਿਚ ਕੈਗਿਸੋ ਰਬਾਡਾ ਹੁਣ ਵੀ ਸੂਚੀ ਵਿਚ ਚੋਟੀ 'ਤੇ ਹੈ ਜਦਕਿ ਭਾਰਤੀਆਂ ਵਿਚ ਰਵਿੰਦਰ ਜਡੇਜਾ ਤੇ ਆਰ. ਅਸ਼ਵਿਨ ਕ੍ਰਮਵਾਰ ਪੰਜਵੇਂ ਤੇ 9ਵੇਂ ਸਥਾਨ 'ਤੇ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 711 ਅੰਕ ਲੈ ਕੇ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ।


ਇੰਗਲੈਂਡ ਨੂੰ ਆਪਣਾ ਤੀਜਾ ਸਥਾਨ ਬਰਕਰਾਰ ਰੱਖਣ ਲਈ ਵੈਸਟਇੰਡੀਜ਼ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਸੀਰੀਜ਼ ਜਿੱਤਣੀ ਹੋਵੇਗੀ ਜਦਕਿ ਆਸਟਰੇਲੀਆ ਤੇ ਸ਼੍ਰੀਲੰਕਾ ਵੀ ਇਸ ਦੇ ਇਕ ਦਿਨ ਬਾਅਦ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਸੀਰੀਜ਼ 'ਚ ਮਹੱਤਵਪੂਰਨ ਅੰਕ ਹਾਸਲ ਕਰਨਾ ਚਾਹੇਗੀ। ਇੰਗਲੈਂਡ ਜੇਕਰ 3-0 ਨਾਲ ਕਲੀਨ ਸਵੀਪ ਕਰਦਾ ਹੈ ਤਾਂ ਉਸਦੇ 109 ਅੰਕ ਹੋਣ ਜਾਣਗੇ ਪਰ ਉਹ ਫਿਰ ਵੀ ਭਾਰਤ ਦੱਖਣੀ ਅਫਰੀਕਾ ਤੋਂ ਪਿੱਛੇ ਰਹੇਗਾ।