INDvsWI : ਭਾਰਤ ਕੋਲ ਲਗਾਤਾਰ ਚੌਥੀ ਵਾਰ ਸਾਲ ਦੀ ਆਖਰੀ ਵਨ-ਡੇ ਸੀਰੀਜ਼ ਜਿੱਤਣ ਦਾ ਮੌਕਾ

12/22/2019 10:16:37 AM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਕੋਲ ਲਗਾਤਾਰ ਚੌਥੀ ਵਾਰ ਸਾਲ ਦੀ ਵਨ-ਡੇ ਸੀਰੀਜ਼ ਜਿੱਤਣ ਮੌਕਾ ਹੈ। ਫਿਲਹਾਲ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤੀ ਟੀਮ ਨੇ ਤਿੰਨ ਵਾਰ ਸਾਲ ਦੀਆਂ ਆਖਰੀ ਵਨ-ਡੇ ਸੀਰੀਜ਼ ਆਪਣੇ ਘਰ 'ਚ ਹੀ ਜਿੱਤੀਆਂ ਹਨ।

ਤਿੰਨ ਸਾਲਾਂ 'ਚ ਲਗਾਤਾਰ ਭਾਰਤ ਨੇ ਸਾਲ ਦੀ ਆਖਰੀ ਵਨ-ਡੇ ਸੀਰੀਜ਼ ਜਿੱਤੀਆਂ
1. ਭਾਰਤ ਨੇ ਅਕਤੂਬਰ 2016 'ਚ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ ਨੂੰ 3-2 ਦੇ ਫਰਕ ਨਾਲ ਜਿੱਤਿਆ ਸੀ।
2. ਭਾਰਤ ਨੇ ਦਸੰਬਰ 2017 'ਚ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ ਨੂੰ 2-1 ਦੇ ਫਰਕ ਨਾਲ ਜਿੱਤਿਆ ਸੀ।
3. ਭਾਰਤ ਨੇ ਅਕਤੂਬਰ 2018 'ਚ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ ਨੂੰ 3-1 ਦੇ ਫਰਕ ਨਾਲ ਜਿੱਤਿਆ ਸੀ।

ਮੌਜੂਦਾ ਸੀਰੀਜ਼ ਦਾ ਪਹਿਲਾ ਮੈਚ ਚੇਨਈ 'ਚ ਖੇਡਿਆ ਗਿਆ ਸੀ, ਜਿਸ 'ਚ ਵੈਸਟਇੰਡੀਜ਼ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜਾ ਵਨ-ਡੇ ਵਿਸ਼ਾਖਾਪਟਨਮ 'ਚ ਖੇਡਿਆ ਗਿਆ। ਇਸ 'ਚ ਭਾਰਤ ਨੇ ਵਿੰਡੀਜ਼ ਨੂੰ 107 ਦੌੜਾਂ ਨਾਲ ਹਰਾ ਕੇ ਸੀਰੀਜ਼ ਬਰਾਬਰ ਕਰ ਦਿੱਤੀ। ਇਨ੍ਹਾਂ ਦੋਹਾਂ ਮੈਚਾਂ 'ਚ ਟੀਮ ਇੰਡੀਆ ਦੀ ਫੀਲਡਿੰਗ ਬੇਹੱਦ ਖਰਾਬ ਰਹੀ ਸੀ, ਜੋ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਲਈ ਚਿੰਤਾ ਦਾ ਵਿਸ਼ਾ ਹੈ।

ਭਾਰਤ ਅਤੇ ਵੈਸਟਇੰਡੀਜ਼ ਹੈੱਡ ਟੂ ਹੈੱਡ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਜੇ ਤਕ 132 ਮੈਚ ਹੋਏ ਹਨ। ਇਸ 'ਚੋਂ ਟੀਮ ਇੰਡੀਆ ਨੇ 63 ਮੈਚ ਜਿੱਤੇ ਹਨ ਅਤੇ ਇੰਨੇ ਹੀ ਮੁਕਾਬਲਿਆਂ 'ਚ ਉਸ ਨੂੰ ਹਾਰ ਮਿਲੀ ਹੈ। 6 ਮੁਕਾਬਲੇ ਬੇਨਤੀਜਾ ਰਹੇ। 2019 'ਚ ਅਜੇ ਤਕ ਭਾਰਤ ਨੇ ਕੁਲ 27 ਵਨ-ਡੇ 'ਚੋਂ 18 ਜਿੱਤੇ ਹਨ, ਜਦਕਿ 8 'ਚ ਉਸ ਨੂੰ ਹਾਰ ਮਿਲੀ ਹੈ। ਵੈਸਟਇੰਡੀਜ਼ ਨੇ ਇਸੇ ਦੌਰਾਨ 27 ਮੁਕਾਬਲਿਆਂ 'ਚੋਂ 10 'ਚ ਜਿੱਤ ਹਾਸਲ ਕੀਤੀ, ਜਦਕਿ 14 ਮੈਚ ਹਾਰੇ ਹਨ।

ਪਿੱਚ ਰਿਪੋਰਟ ਅਤੇ ਮੌਸਮ ਦਾ ਮਿਜਾਜ਼
ਮੈਚ ਦੇ ਦੌਰਾਨ ਮੌਸਮ ਸਾਫ ਰਹਿਣ ਦੀ ਉਮੀਦ ਹੈ। ਤਾਪਮਾਨ 16 ਤੋਂ 29 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਬਾਰਾਬਤੀ ਸਟੇਡੀਅਮ ਦੀ ਪਿੱਚ ਵੀ ਵਿਸ਼ਾਖਾਪਟਨਮ ਦੀ ਤਰ੍ਹਾਂ ਬੱਲੇਬਾਜ਼ਾਂ ਲਈ ਮਦਦਗਾਰ ਹੋਵੇਗੀ। ਇੱਥੇ ਸਪਿਨਰਾਂ ਨੂੰ ਵੀ ਮਦਦ ਮਿਲੇਗੀ। ਇਸ ਸਟੇਡੀਅਮ 'ਚ ਅਜੇ ਤਕ 18 ਵਨ-ਡੇ ਖੇਡੇ ਗਏ ਹਨ, ਜਿਸ 'ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 7 'ਚ ਜਿੱਤ ਦਰਜ ਕੀਤੀ। 11 ਮੈਚ ਪਹਿਲਾਂ ਫੀਲਡਿੰਗ ਕਰਨ ਵਾਲੀ ਟੀਮ ਨੇ ਜਿੱਤੇ। ਇਸ ਮੈਦਾਨ 'ਤੇ ਪਹਿਲੇ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 245 ਅਤੇ ਰਨ ਚੇਜ਼ ਕਰਨ ਵਾਲੀ ਟੀਮ ਦਾ ਔਸਤ ਸਕੋਰ 226 ਦੌੜਾਂ ਹੈ।

Tarsem Singh

This news is Content Editor Tarsem Singh