ਸ਼ਰਮਨਾਕ! ਢਾਈ ਦਿਨ ’ਚ ਹਾਰੀ ਨੰਬਰ ਇਕ ਟੀਮ ਇੰਡੀਆ, ਅੰਕ ਸੂਚੀ ’ਚ NZ ਨੂੰ ਵੱਡਾ ਫਾਇਦਾ

03/02/2020 1:04:58 PM

ਸਪੋਰਟਸ ਡੈਸਕ— ਦੁਨੀਆ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੂੰ ਸਿਰਫ ਢਾਈ ਦਿਨਾਂ ਦੇ ਅੰਦਰ ਨਿਊਜ਼ੀਲੈਂਡ ਦੇ ਹੱਥੋਂ ਦੂਜੇ ਕ੍ਰਿਕਟ ਟੈਸਟ ’ਚ ਸੋਮਵਾਰ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾ ਟੈਸਟ ਸਵਾ ਤਿੰਨ ਦਿਨਾਂ ’ਚ ਖਤਮ ਹੋਇਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਦਾ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ 2-0 ਨਾਲ ਸਫਾਇਆ ਹੋ ਗਿਆ। ਭਾਰਤ ਨੇ ਪਹਿਲਾ ਟੈਸਟ 10 ਵਿਕਟਾਂ ਨਾਲ ਗੁਆਇਆ ਸੀ ਜਦਕਿ ਦੂਜੇ ਟੈਸਟ ’ਚ ਉਸ ਨੂੰ 7 ਵਿਕਟਾਂ ਨਾਲ ਹਾਰ ਮਿਲੀ। ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸਵੇਰੇ 6 ਵਿਕਟਾਂ ’ਤੇ 90 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ 124 ਦੌੜਾਂ ’ਤੇ ਸਮਾਪਤ ਹੋ ਗਈ। ਭਾਰਤ ਨੂੰ ਪਹਿਲੀ ਪਾਰੀ ’ਚ 7 ਦੌੜਾਂ ਦੀ ਬੜ੍ਹਤ ਹਾਸਲ ਸੀ। ਨਿਊਜ਼ੀਲੈਂਡ ਨੂੰ ਜਿੱਤ ਲਈ 132 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ 36 ਓਵਰਾਂ ’ਚ ਤਿੰਨ ਵਿਕਟ ’ਤੇ 132 ਦੌੜਾਂ ਬਣਾ ਕੇ ਹਾਸਲ ਕਰ ਲਿਆ। 

ਇਸ ਜਿੱਤ ਨਾਲ ਅੰਕ ਸੂਚੀ ’ਚ ਨਿਊਜ਼ੀਲੈਂਡ ਨੇ ਪ੍ਰਾਪਤ ਕੀਤਾ ਬਿਹਤਰ ਸਥਾਨ
ਨਿਊਜ਼ੀਲੈਂਡ ਨੂੰ ਇਸ ਜਿੱਤ ਨਾਲ 60 ਅੰਕ ਅਤੇ ਸੀਰੀਜ਼ ’ਚ ਕੁਲ 120 ਅੰਕ ਹਾਸਲ ਹੋਏ। ਨਿਊਜ਼ੀਲੈਂਡ ਦੇ 7 ਮੈਚਾਂ ’ਚ 180 ਅੰਕ ਹੋ ਗਏ ਹਨ ਅਤੇ ਉਹ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਭਾਰਤ ਇਸ ਹਾਰ ਦੇ ਬਾਵਜੂਦ 360 ਅੰਕਾਂ ਦੇ ਨਾਲ ਚੋਟੀ ’ਤੇ ਬਣਿਾ ਹੋਇਆ ਹੈ। ਇਸ ਹਾਰ ਦੇ ਨਾਲ ਹੀ ਭਾਰਤ ਦਾ ਨਿਊਜ਼ੀਲੈਂਡ ਦੌਰਾ ਨਿਰਾਸ਼ਾਜਨਕ ਢੰਗ ਨਾਲ ਖਤਮ ਹੋ ਗਿਆ। ਭਾਰਤ ਨੇ ਟੈਸਟ ਚੈਂਪੀਅਨਸ਼ਿਪ ’ਚ ਲਗਾਤਾਰ 7 ਟੈਸਟ ਜਿੱਤਣ ਦੇ ਬਾਅਦ ਲਗਾਤਾਰ ਦੋ ਟੈਸਟ ਗੁਆਏ। ਭਾਰਤ ਦੀ ਟੈਸਟ ਸੀਰੀਜ਼ ’ਚ ਹਾਰ ਇਸ ਲਈ ਜ਼ਿਆਦਾ ਨਿਰਾਸ਼ਾਜਨਕ ਰਹੀ ਕਿਉਂਕਿ ਭਾਰਤੀ ਬੱਲੇਬਾਜ਼ਾਂ ਨੇ ਕਿਸੇ ਵੀ ਪਾਰੀ ’ਚ ਸੰਘਰਸ਼ ਕਰਨ ਦਾ ਜਜ਼ਬਾ ਨਹੀਂ ਦਿਖਾਇਆ। ਖ਼ੁਦ ਕਪਤਾਨ ਵਿਰਾਟ ਕੋਹਲੀ ਸੁਪਰ ਫਲਾਪ ਰਹੇ। ਇਸ ਸੀਰੀਜ਼ ਨੇ ਇਕ ਵਾਰ ਫਿਰ ਹਰਿਆਵਲ ਭਰੀਆਂ ਪਿੱਚਾਂ ’ਤੇ ਭਾਰਤੀ ਬੱਲੇਬਾਜ਼ਾਂ ਦੀ ਪੋਲ ਖੋਲ ਦਿੱਤੀ। 

Tarsem Singh

This news is Content Editor Tarsem Singh