ਏਸ਼ੀਆ ਤੋਂ ਬਾਹਰ 2011 ਤੋਂ ਬਾਅਦ ਭਾਰਤ ਦਾ ਖਰਾਬ ਪ੍ਰਦਰਸ਼ਨ ਜਾਰੀ

01/10/2018 12:09:33 AM

ਜਲੰਧਰ— ਟੀਮ ਇੰਡੀਆ ਨੂੰ ਭਾਵੇਂ ਹੀ ਦੱਖਣੀ ਅਫਰੀਕਾ ਤੋਂ ਕੇਪਟਾਊਨ ਟੈਸਟ ਗੁਆਉਣ ਤੋਂ ਬਾਅਦ ਟੈਸਟ ਕ੍ਰਿਕਟ 'ਚ ਨੰਬਰ-1 ਦੀ ਰੈਂਕਿੰਗ ਗੁਆਉਣੀ ਨਹੀਂ ਪਈ ਪਰ ਵਿਦੇਸ਼ੀ ਤੇ ਭਾਰਤੀ ਧਰਤੀ 'ਤੇ ਹੋਏ ਟੈਸਟ ਮੈਚ (ਏਸ਼ੀਆ ਨੂੰ ਛੱਡ ਕੇ) 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਟੀਮ ਇੰਡੀਆ ਜ਼ਿਆਦਾਤਰ ਘਰੇਲੂ ਸੀਰੀਜ਼ ਜਿੱਤ ਕੇ ਹੀ ਨੰਬਰ ਵਨ ਸਥਾਨ 'ਤੇ ਪਹੁੰਚੀ ਹੈ।
2011 ਤੋਂ ਬਾਅਦ ਭਾਰਤੀ ਟੀਮ ਨੇ ਏਸ਼ੀਆ ਤੋਂ ਬਾਹਰ 23 ਟੈਸਟ ਮੈਚ ਖੇਡੇ ਹਨ। ਇਨ੍ਹਾਂ 'ਚੋਂ ਸਿਰਫ ਇਕ ਜਿੱਤ, ਜਦਕਿ 16 ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 6 ਟੈਸਟ ਡਰਾਅ ਰਹੇ। ਇਨ੍ਹਾਂ ਅੰਕੜਿਆਂ 'ਚ ਵੈਸਟਇੰਡੀਜ਼ ਦੌਰਾ ਸ਼ਾਮਲ ਨਹੀਂ ਹੈ।
8 ਸਾਲ ਪਹਿਲਾਂ ਚੌਥੀ ਪਾਰੀ 'ਚ 200 ਪਲੱਸ ਦੌੜਾਂ ਕੀਤੀਆਂ ਸਨ ਚੇਜ਼
ਵਿਦੇਸ਼ੀ ਧਰਤੀ 'ਤੇ ਚੌਥੀ ਪਾਰੀ 'ਚ ਜੇਕਰ ਭਾਰਤ ਨੂੰ 200 ਤੋਂ ਵੱਧ ਦੌੜਾਂ ਦਾ ਟੀਚਾ ਮਿਲਦਾ ਹੈ ਤਾਂ ਉਹ ਇਸ ਨੂੰ ਘੱਟ ਹੀ ਚੇਜ਼ ਕਰਦਾ ਹੈ। ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤ ਨੇ ਸਭ ਤੋਂ ਪਹਿਲਾਂ 1968 'ਚ ਨਿਊਜ਼ੀਲੈਂਡ ਵਿਰੁੱਧ ਚੌਥੀ ਪਾਰੀ 'ਚ ਮਿਲੀਆਂ 200 ਦੌੜਾਂ ਦੇ ਅੰਕੜੇ ਨੂੰ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪੋਰਟ ਆਫ ਸਪੇਨ 'ਚ 1976 'ਚ ਵੈਸਟਇੰਡੀਜ਼ ਵਿਰੁੱਧ ਖੇਡਦੇ ਹੋਏ ਭਾਰਤੀ ਟੀਮ ਨੇ 403 ਦੌੜਾਂ ਬਣਾਈਆਂ ਸਨ। 2001 'ਚ ਸ਼੍ਰੀਲੰਕਾ ਵਿਰੁੱਧ 264 ਤੇ 2003 'ਚ ਆਸਟ੍ਰੇਲੀਆ ਵਿਰੁੱਧ ਐਡੀਲੇਡ 'ਚ 230 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ। 2010 'ਚ ਸ਼੍ਰੀਲੰਕਾ ਨੂੰ ਚੌਥੀ ਪਾਰੀ ਵਿਚ 257 ਦੌੜਾਂ ਬਣਾ ਕੇ ਹਰਾਇਆ। ਕੇਪਟਾਊਨ ਟੈਸਟ 'ਚ 200 ਤੋਂ ਵੱਧ ਦਾ ਟੀਚਾ ਹਾਸਲ ਕਰ ਕੇ ਭਾਰਤ ਕੋਲ 8 ਸਾਲ ਬਾਅਦ ਰਿਕਾਰਡ ਤੋੜਨ ਦਾ ਮੌਕਾ ਸੀ, ਜਿਸ 'ਚ ਉਹ ਅਸਫਲ ਰਿਹਾ।
2 ਸਾਲਾਂ 'ਚ ਵਿਦੇਸ਼ੀ ਧਰਤੀ 'ਤੇ ਸਭ ਤੋਂ ਘੱਟ ਟੈਸਟ ਖੇਡੇ
ਪਿਛਲੇ ਦੋ ਸਾਲਾਂ ਦੌਰਾਨ ਭਾਰਤ ਨੇ ਵਿਦੇਸ਼ੀ ਧਰਤੀ 'ਤੇ ਸਭ ਤੋਂ ਘੱਟ ਟੈਸਟ ਮੈਚ ਖੇਡੇ ਹਨ, ਜਿਸ ਕਾਰਨ ਉਸ ਦੇ ਨੰਬਰ-1 ਰੁਤਬੇ 'ਤੇ ਸਵਾਲ ਉੱਠਣੇ ਲਾਜ਼ਮੀ ਹਨ। ਉਥੇ ਹੀ ਵਿਦੇਸ਼ੀ ਧਰਤੀ 'ਤੇ 2015 ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਟੈਸਟ ਹਾਰ ਜਾਣ ਦਾ ਰਿਕਾਰਡ ਇੰਗਲੈਂਡ ਦੇ ਨਾਂ ਦਰਜ ਹੈ। ਏਸ਼ੇਜ਼ 4-0 ਨਾਲ ਹਾਰ ਜਾਣ ਵਾਲੀ ਇੰਗਲੈਂਡ ਟੀਮ ਨੇ ਵਿਦੇਸ਼ੀ ਧਰਤੀ 'ਤੇ 13 ਟੈਸਟ ਗੁਆਏ ਹਨ, ਜਦਕਿ ਪਾਕਿਸਤਾਨ 12, ਵੈਸਟਇੰਡੀਜ਼ 11 ਮੈਚਾਂ 'ਚ ਹਾਰਨ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਆਸਟ੍ਰੇਲੀਆ ਤੇ ਸ਼੍ਰੀਲੰਕਾ ਵੀ ਵਿਦੇਸ਼ੀ ਧਰਤੀ 'ਤੇ 9 ਵਾਰ ਹਾਰ ਚੁੱਕੇ ਹਨ। ਉਥੇ ਹੀ ਦੱਖਣੀ ਅਫਰੀਕਾ, ਨਿਊਜ਼ੀਲੈਂਡ 7-7 ਤੇ ਬੰਗਲਾਦੇਸ਼ 6 ਵਾਰ ਹਾਰ ਚੁੱਕਾ ਹੈ।