ਏਸ਼ੀਅਨ ਯੂਥ ਸ਼ਤਰੰਜ ''ਚ ਭਾਰਤ ਦਾ ਸੁਨਹਿਰਾ ਪ੍ਰਦਰਸ਼ਨ

04/17/2018 2:26:26 AM

ਚਿਆਂਗਮਈ— ਏਸ਼ੀਅਨ ਚੈੱਸ ਫੈੱਡਰੇਸ਼ਨ ਤੇ ਥਾਈਲੈਂਡ ਚੈੱਸ ਫੈੱਡਰੇਸ਼ਨ ਦੀ ਸਾਂਝੀ ਅਗਵਾਈ 'ਚ ਖਤਮ ਹੋਈ ਏਸ਼ੀਅਨ ਯੂਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਸ਼ਤਰੰਜ ਟੀਮ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਲ 39 ਸੋਨ ਤਮਗਿਆਂ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ। ਭਾਰਤ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤ ਨੇ ਕੁਲ 68 ਤਮਗੇ ਜਿੱਤੇ, ਜਿਨ੍ਹਾਂ 'ਚ 39 ਸੋਨ, 19 ਚਾਂਦੀ ਤੇ 14 ਕਾਂਸੀ ਤਮਗੇ ਸ਼ਾਮਲ ਹਨ। ਵੀਅਤਨਾਮ 17 ਸੋਨ, 21 ਚਾਂਦੀ ਤੇ 14 ਕਾਂਸੀ ਸਮੇਤ ਕੁਲ 52 ਤਮਗਿਆਂ ਨਾਲ ਦੂਜੇ ਤੇ ਚੀਨ 8 ਸੋਨ, 11 ਚਾਂਦੀ ਤੇ 13 ਕਾਂਸੀ ਸਮੇਤ ਕੁਲ 32 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ। ਭਾਰਤ ਨੇ ਟੀਮ ਤੇ ਵਿਅਕਤੀਗਤ ਦੋਵਾਂ ਵਰਗਾਂ 'ਚ ਪਹਿਲਾ ਸਥਾਨ ਹਾਸਲ ਕੀਤਾ ਤੇ ਇਹ ਸਾਰੇ ਤਮਗੇ ਖੇਡ ਦੇ ਕਲਾਸੀਕਲ ਬਲਿਟਜ਼ ਤੇ ਰੈਪਿਡ ਫਾਰਮੈੱਟ 'ਚ ਹਾਸਲ ਕੀਤੇ। ਭਾਰਤ ਵਲੋਂ ਡੀ. ਗੁਕੇਸ਼ ਦਾ ਤਿੰਨਾਂ ਵਰਗਾਂ ਵਿਚ ਸੋਨ ਤਮਗਾ, ਵਾਰਸ਼ਿਨੀ ਸਾਹਿਤੀ ਵਲੋਂ 2 ਸੋਨ ਤੇ 1 ਚਾਂਦੀ ਸਭ ਤੋਂ ਚੰਗਾ ਪ੍ਰਦਰਸ਼ਨ ਰਿਹਾ। ਸਭ ਤੋਂ ਵੱਧ ਤਮਗਿਆਂ ਨਾਲ ਭਾਰਤ ਨੇ ਏਸ਼ੀਅਨ ਚੈਂਪੀਅਨ ਰਹਿਣ ਦਾ ਆਪਣਾ ਖਿਤਾਬ ਬਚਾਈ ਰੱਖਿਆ।