ਭਾਰਤ ਤੋਂ ਇਸ ਵਾਰ ਸੋਨ ਤਮਗੇ ਦੀ ਉਮੀਦ

07/18/2018 2:51:55 AM

ਨਵੀਂ ਦਿੱਲੀ : ਮੌਜੂਦਾ ਵਿਸ਼ਵ ਰੈਂਕਿੰਗ ਦੇ ਹਿਸਾਬ ਨਾਲ ਭਾਰਤੀ ਟੀਮ ਇਸ ਵਾਰ ਸੋਨ ਤਮਗੇ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਮੌਜੂਦਾ ਸਮੇਂ 'ਚ ਭਾਰਤੀ ਟੀਮ ਰੂਸ, ਚੀਨ ਤੇ ਅਮਰੀਕਾ ਤੋਂ ਬਾਅਦ ਚੌਥੇ ਨੰਬਰ 'ਤੇ ਹੈ। ਪਿਛਲੀ ਵਾਰ 11ਵਾਂ ਦਰਜਾ ਪ੍ਰਾਪਤ ਹੁੰਦੇ ਹੋਏ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚੌਥੇ ਸਥਾਨ 'ਤੇ ਆਉਣ ਵਾਲੀ ਭਾਰਤੀ ਪੁਰਸ਼ ਟੀਮ ਵਿਸ਼ਵਨਾਥਨ ਆਨੰਦ ਦੀ ਵਾਪਸੀ ਤੇ ਵਿਦਿਤ ਗੁਜਰਾਤੀ ਦੀ ਵਧਦੀ ਰੈਂਕਿੰਗ ਨਾਲ ਬੇਹੱਦ ਮਜ਼ਬੂਤ ਨਜ਼ਰ ਆ ਰਹੀ ਹੈ। ਟੀਮ 'ਚ ਸਾਬਕਾ ਵਿਸ਼ਵ ਚੈਂਪੀਅਨ ਆਨੰਦ ਤੇ ਗੁਜਰਾਤੀ ਤੋਂ ਇਲਾਵਾ ਪੋਂਟਾਲਾ ਹਰਿਕ੍ਰਿਸ਼ਣਾ, ਭਾਸਕਰਨ ਅਧਿਬਨ, ਸ਼ਸ਼ੀਕਿਰਣ ਕ੍ਰਿਸ਼ਣਨ ਤੇ ਸੇਥੂਰਮਨ ਵੀ ਨਜ਼ਰ ਆ ਸਕਦੇ ਹਨ। ਟੀਮ ਆਪਣੇ ਤਜਰਬੇਕਾਰ ਕੋਚ ਆਰ. ਬੀ. ਰਮੇਸ਼ ਦੀ ਅਗਵਾਈ ਹੇਠ ਚੰਗੀ ਤਿਆਰੀ ਕਰ ਚੁੱਕੀ ਹੈ। ਪਿਛਲੀ ਵਾਰ 5ਵਾਂ ਦਰਜਾ ਪ੍ਰਾਪਤ ਭਾਰਤੀ ਮਹਿਲਾ ਟੀਮ 5ਵੇਂ ਸਥਾਨ 'ਤੇ ਰਹੀ ਸੀ। ਇਸ ਵਾਰ ਭਾਰਤੀ ਟੀਮ 'ਚ ਹੋਏ 2 ਵੱਡੇ ਬਦਲਾਵਾਂ ਨਾਲ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ। ਕੋਨੇਰੂ ਹੰਪੀ ਦੀ ਟੀਮ ਵਿਚ ਵਾਪਸੀ ਨਾਲ ਟੀਮ 'ਚ ਇਕ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੋਇਆ ਹੈ, ਜਦਕਿ ਹਰੀਕਾ ਦ੍ਰੋਣਾਵਲੀ, ਤਾਨੀਆ ਸਚਦੇਵਾ, ਪਦਮਿਨੀ ਰਾਊਤ, ਈਸ਼ਾ ਕਰਵਾਡੇ ਦੀ ਮੌਜਦੂਗੀ ਨਾਲ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ।