IND vs WI : 6 ਅਜਿਹੇ ਭਾਰਤੀ ਕ੍ਰਿਕਟਰ ਜੋ ਵਿੰਡੀਜ਼ ਖਿਲਾਫ ਮੈਚ ''ਚ ਰਹੇ ਜਿੱਤ ਦੇ ਹੀਰੋ

12/19/2019 10:28:53 AM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਵਿਸ਼ਾਖਾਪਟਨਮ 'ਚ ਖੇਡਿਆ ਗਿਆ। ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 107 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲੇ ਮੁਕਾਬਲੇ 'ਚ ਬੁਰੀ ਹਾਰ ਦੇ ਬਾਅਦ ਭਾਰਤੀ ਟੀਮ ਨੇ ਦਮਦਾਰ ਵਾਪਸੀ ਕਰਦੇ ਹੋਏ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਆਓ ਜਾਣਦੇ ਹਾਂ ਉਨ੍ਹਾਂ 6 ਭਾਰਤੀ ਖਿਡਾਰੀਆਂ ਬਾਰੇ ਜਿਨ੍ਹਾਂ ਦੇ ਦਮ 'ਤੇ ਭਾਰਤ ਨੇ ਸੀਰੀਜ਼ 'ਚ ਜ਼ੋਰਦਾਰ ਵਾਪਸੀ ਕੀਤੀ।

1. ਰੋਹਿਤ ਸ਼ਰਮਾ
ਪਹਿਲੇ ਮੈਚ 'ਚ ਅਸਫਲ ਰਹਿਣ ਵਾਲੇ ਰੋਹਿਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ 150 ਤੋਂ ਵੱਧ ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਸਿਰਫ 138 ਗੇਂਦਾਂ 'ਚ 17 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 159 ਦੌੜਾਂ ਬਣਾਈਆਂ। ਉਨ੍ਹਾਂ ਨੇ ਰਾਹੁਲ ਦੇ ਨਾਲ ਮਿਲ ਕੇ ਪਹਿਲੇ ਵਿਕਟ ਲਈ 227 ਦੌੜਾਂ ਦੀ ਸਾਂਝੇਦਾਰੀ ਕੀਤੀ।

2. ਕੇ. ਐੱਲ. ਰਾਹੁਲ
ਸ਼ਿਖਰ ਧਵਨ ਦੀ ਗੈਰਮੌਜੂਦਗੀ 'ਚ ਰਾਹੁਲ ਮੌਕੇ ਦਾ ਭਰਪੂਰ ਲਾਹਾ ਲੈ ਰਹੇ ਹਨ। ਟੀ-20 ਸੀਰੀਜ਼ ਦੇ ਬਾਅਦ ਹੁਣ ਵਨ-ਡੇ 'ਚ ਵੀ ਰਾਹੁਲ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਬੁੱਧਵਾਰ ਨੂੰ ਵੀ ਉਨ੍ਹਾਂ ਨੇ ਆਪਣਾ ਚੌਥਾ ਵਨ-ਡੇ ਸੈਂਕੜਾ ਪੂਰਾ ਕੀਤਾ। ਰਾਹੁਲ ਨੇ 104 ਗੇਂਦਾਂ 'ਚ 8 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ ਅਤੇ ਰੋਹਿਤ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ।

3. ਕੁਲਦੀਪ ਯਾਦਵ
ਆਪਣੀ ਫਾਰਮ ਨਾਲ ਜੂਝ ਰਹੇ ਅਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਕੁਲਦੀਪ ਨੇ ਇਕ ਵਾਰ ਫਿਰ ਤੋਂ ਆਪਣੀ ਛਾਪ ਛੱਡੀ ਅਤੇ ਮੈਚ 'ਚ ਵੱਡੀ ਉਪਲਬਧੀ ਆਪਣੇ ਨਾਂ ਕੀਤੀ। ਕੁਲਦੀਪ ਨੇ ਦੂਜੀ ਵਾਰ ਆਪਣੀ ਵਨ-ਡੇ ਹੈਟ੍ਰਿਕ ਲਈ। ਉਨ੍ਹਾਂ ਨੇ ਮੈਚ 'ਚ 10 ਓਵਰ 'ਚ 52 ਦੌੜਾਂ ਦੇ ਕੇ ਹੈਟ੍ਰਿਕ ਸਮੇਤ 3 ਵਿਕਟਾਂ ਲਈਆਂ।

4. ਸ਼੍ਰੇਅਸ ਅਈਅਰ
ਟੀਮ ਇੰਡੀਆ 'ਚ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੇਅਸ ਅਈਅਰ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪਹਿਲੇ ਵਨ-ਡੇ 'ਚ ਅਰਧ ਸੈਂਕੜਾ ਲਾਉਣ ਦੇ ਬਾਅਦ ਬੁੱਧਵਾਰ ਨੂੰ ਦੂਜੇ ਮੈਚ 'ਚ ਵੀ ਸ਼੍ਰੇਅਸ ਨੇ ਅਰਧ ਸੈਂਕੜਾ ਜੜਿਆ। ਅਈਅਰ ਨੇ 32 ਗੇਂਦਾਂ 'ਚ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ।

5. ਮੁਹੰਮਦ ਸ਼ੰਮੀ
ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਭ ਤੋਂ ਖਤਰਨਾਕ ਫਾਰਮ 'ਚ ਚਲ ਰਹੇ ਨਿਕੋਲਸ ਪੂਰਨ ਨੂੰ 75 ਦੌੜਾਂ 'ਤੇ ਆਊਟ ਕੀਤਾ। ਉਸ ਤੋਂ ਬਾਅਦ ਪੋਲਾਰਡ ਨੂੰ ਸਿਫਰ 'ਤੇ ਸਮੇਟਿਆ ਅਤੇ ਫਿਰ ਕੀਮੋ ਪਾਲ ਨੂੰ ਬੋਲਡ ਕਰਕੇ ਮੈਚ ਖਤਮ ਕੀਤਾ। ਸ਼ੰਮੀ ਨੇ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ।

6. ਰਿਸ਼ਭ ਪੰਤ
ਇਸ ਸਭ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਪਹਿਲੇ ਮੈਚ 'ਚ ਅਰਧ ਸੈਂਕੜਾਂ ਲਗਾਉਣ ਦੇ ਬਾਅਦ ਦੂਜੇ ਮੈਚ ਵੀ ਤਾਬੜਤੋੜ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸਿਰਫ 16 ਗੇਂਦਾਂ 'ਚ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ ਅਤੇ ਸ਼੍ਰੇਅਸ ਨਾਲ ਮਿਲ ਕੇ ਤੇਜ਼ੀ ਨਾਲ ਦੌੜਾਂ ਬਣਾਈਆਂ।  

Tarsem Singh

This news is Content Editor Tarsem Singh