ਅਸ਼ਵਿਨ ਨੇ ਰਚਿਆ ਇਤਿਹਾਸ, ਧਾਕਡ਼ ਗੇਂਦਬਾਜ਼ ਮੁਰਲੀਧਰਨ ਦੇ ਰਿਕਾਰਡ ਦੀ ਕੀਤੀ ਬਰਾਬਰੀ

10/06/2019 1:27:55 PM

ਸਪੋਰਟ ਡੈਸਕ— ਵਿਸ਼ਾਖਾਪਟਨਮ 'ਚ ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੇ ਸਟਾਰ ਆਫ ਸਪਿਨਰ ਆਰ ਅਸ਼ਵਿਨ ਦੀ ਟੈਸਟ ਕ੍ਰਿਕਟ 'ਚ ਲਗਭਗ ਇਕ ਸਾਲ ਬਾਅਦ ਵਾਪਸੀ ਹੋਈ। ਸਫੇਦ ਜਰਸੀ 'ਚ ਅਸ਼ਵਿਨ ਨੇ ਲਾਲ ਗੇਂਦ ਨੂੰ ਸਪਿਨ ਕਰਵਾ ਕੇ ਧਮਾਲ ਮਚਾ ਦਿੱਤੀ। ਪਹਿਲੀ ਪਾਰੀ 'ਚ ਸੱਤ ਵਿਕਟਾਂ ਲੈਣ ਤੋਂ ਬਾਅਦ ਅਸ਼ਵਿਨ ਨੇ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸਵੇਰੇ ਦੂਜੀ ਪਾਰੀ 'ਚ ਡੀ ਬਰਾਉਨ ਦੇ ਰੂਪ 'ਚ 8ਵੀਂ ਵਿਕਟ ਹਾਸਲ ਕਰਦੇ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 350 ਵਿਕਟਾਂ ਪੂਰੀਆਂ ਕਰ ਇਕ ਨਵਾਂ ਇਤਿਹਾਸ ਰਚ ਦਿੱਤਾ।
ਮੁਰਲੀਧਰਨ ਦੇ ਵਰਲਡ ਰਿਕਾਰਡ ਦੀ ਬਰਾਬਰੀ
ਆਰ ਅਸ਼ਵਿਨ ਭਾਰਤ ਵਲੋਂ ਸਭ ਤੋਂ ਤੇਜ਼ 350 ਟੈਸਟ ਵਿਕਟ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਸ਼੍ਰੀਲੰਕਾ ਦੇ ਦਿੱਗਜ ਮੁੱਥਈਆ ਮੁਰਲੀਧਰਨ ਦੇ ਵਰਲਡ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਆਰ. ਅਸ਼ਵਿਨ ਸਾਂਝੇ ਤੌਰ 'ਤੇ ਮੁਰਲੀਧਰਨ ਦੇ ਨਾਲ ਸਭ ਤੋਂ ਤੇਜ਼ 350 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਮੁਰਲੀਧਰਨ ਨੇ 2001 'ਚ ਬੰਗਲਾਦੇਸ਼ ਖਿਲਾਫ ਆਪਣੇ 66ਵੇਂ ਟੈਸਟ ਮੈਚ 'ਚ ਇਹ ਮੁਕਾਮ ਹਾਸਲ ਕੀਤਾ ਸੀ। ਅਸ਼ਵਿਨ ਨੇ ਵੀ ਆਪਣੇ 66ਵੇਂ ਮੈਚ 'ਚ ਹੀ ਇਹ ਕਮਾਲ ਕੀਤਾ। ਸ਼੍ਰੀਲੰਕਾ ਦੇ ਸਪਿਨਰ ਮੁੱਥਈਆ ਮੁਰਲੀਧਰਨ ਨੇ 133 ਟੈਸਟ 'ਚ 800 ਵਿਕਟਾਂ ਹਾਸਲ ਕੀਤੀਆਂ ਹਨ ਜਿਸ 'ਚ ਉਨ੍ਹਾਂ ਨੇ 67 ਵਾਰ ਪਾਰੀ 'ਚ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। ਮੁਰਲੀਧਰਨ ਨੂੰ ਅਜਿਹਾ ਕਰਨ 'ਚ 9 ਸਾਲ ਲੱਗੇ ਸਨ, ਜਦ ਕਿ ਅਸ਼ਵਿਨ ਨੇ 8 ਸਾਲ ਤੋਂ ਘੱਟ ਸਮੇਂ 'ਚ ਇਹ ਕਮਾਲ ਕਰ ਵਿਖਾਇਆ ਹੈ।


ਅਨਿਲ ਕੁੰਬਲੇ ਨੂੰ ਛੱਡਿਆ ਪਿੱਛੇ
ਇਸ ਦੇ ਨਾਲ ਅਸ਼ਵਿਨ ਨੇ ਅਨਿਲ ਕੁੰਬਲੇ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਅਨਿਲ ਕੁੰਬਲੇ ਹੁਣ ਤਕ ਸਭ ਤੋਂ ਤੇਜ਼ 350 ਟੈਸਟ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ। ਉਨ੍ਹਾਂ ਨੇ 77 ਟੈਸਟ ਮੈਚਾਂ 'ਚ ਇਹ ਕੀਰਤੀਮਾਨ ਸ‍ਥਾਪਿਤ ਕੀਤਾ ਸੀ। ਅਸ਼ਵਿਨ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ 'ਚ 27ਵੀਂ ਵਾਰ ਪੰਜ ਵਿਕਟਾਂ ਲੈਣ ਦਾ ਕਮਾਲ ਵੀ ਕੀਤਾ।



ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ
ਖਿਡਾਰੀ          ਮੈਚ      ਵਿਕਟਾਂ
ਅਨਿਲ ਕੁੰਬਲੇ   132      619
ਕਪਿਲ ਦੇਵ     131      434
ਹਰਭਜਨ ਸਿੰਘ  103      417
ਆਰ ਅਸ਼ਵਿਨ  66*      350

ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਪਿਨਰਸ
ਖਿਡਾਰੀ                   ਮੈਚ      ਵਿਕਟਾਂ
ਮੁੱਥਈਆ ਮੁਰਲੀਧਰਨ 133       800
ਸ਼ੇਨ ਵਾਰਨ               145       708
ਅਨਿਲ ਕੁੰਬਲੇ           132       619
ਰੰਗਨਾ ਹੇਰਾਥ            93        433
ਹਰਭਜਨ ਸਿੰਘ         103       417
ਨਾਥਨ ਲਾਇਨ           91        363
ਡੇਨਿਅਲ ਵਿਟੋਰੀ      113        362