ਆਖਰੀ 3 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, 2 ਵੱਡੇ ਖਿਡਾਰੀ ਟੀਮ 'ਚ ਸ਼ਾਮਲ

10/25/2018 4:41:57 PM

ਨਵੀਂ ਦਿੱਲੀ : ਵਿੰਡੀਜ਼ ਖਿਲਾਫ ਜਾਰੀ ਮੌਜੂਦਾ ਵਨ ਡੇ ਸੀਰੀਜ਼ ਦੇ ਆਖਰੀ 3 ਮੈਚਾਂ ਲਈ ਵੀਰਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਟੀਮ ਵਿਚ ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਹੋਈ ਹੈ। ਇਹ ਦੋਵੇਂ ਪਹਿਲੇ 2 ਮੈਚਾਂ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਦੂਜੇ ਪਾਸੇ ਮੁਹੰਮਦ ਸ਼ਮੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਹਿਲੇ 2 ਮੈਚਾਂ ਲਈ 14 ਮੈਂਬਰੀ ਟੀਮ ਚੁਣੀ ਗਈ ਸੀ ਪਰ ਬਾਕੀ ਦੇ 3 ੰਮੈਚਾਂ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ।

ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਗੁਹਾਟੀ ਵਿਚ ਖੇਡਿਆ ਗਿਆ, ਜਿਸ ਵਿਚ ਟੀਮ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਦੂਜਾ ਮੈਚ ਬੁੱਧਵਾਰ ਵਿਸ਼ਾਖਾਪਟਨਮ ਵਿਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਜੋ ਟਾਈ 'ਤੇ ਖਤਮ ਹੋਇਆ। ਸੀਰੀਜ਼ ਦਾ ਤੀਜਾ ਮੈਚ 27 ਨੂੰ ਪੁਣੇ ਵਿਚ ਹੋਵੇਗਾ, ਜਦਕਿ 29 ਨੂੰ ਮੁੰਬਈ ਅਤੇ 5ਵਾਂ ਵਨ ਡੇ 1 ਨਵੰਬਰ ਨੂੰ ਤਿਰੁਵੰਤਪੁਰਮ ਵਿਚ ਖੇਡਿਆ ਜਾਵੇਗਾ।

ਇਸ ਤੋਂ ਬਾਅਦ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਕ੍ਰਿਕਟ ਦੇ ਇਸ ਸਭ ਤੋਂ ਛੋਟੇ ਸਵਰੂਪ ਦਾ ਪਹਿਲਾ ਮੈਚ ਕੋਲਕਾਤਾ ਵਿਖੇ 3 ਨਵੰਬਰ ਨੂੰ, ਦੂਜਾ 6 ਨਵੰਬਰ ਨੂੰ ਲਖਨਾਊ ਅਤੇ ਤੀਜਾ 11 ਨਵੰਬਰ ਨੂੰ ਚੇਨਈ ਵਿਖੇ ਖੇਡਿਆ ਜਾਵੇਗਾ।