IND vs WI : ਦੂਜੇ ਵਨ-ਡੇ ''ਚ ਰਿਸ਼ਭ ਪੰਤ ਤੇ ਕੇ. ਐੱਲ. ਰਾਹੁਲ ਨੇ ਬਣਾਏ ਇਹ ਖ਼ਾਸ ਰਿਕਾਰਡ

02/09/2022 6:15:36 PM

ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ 3 ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੈਚ ਅਹਿਮਦਾਬਾਦ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਆਈ। ਪਹਿਲਾਂ ਬੱਲੇਬਾਜ਼ੀ ਲਈ ਆਈ ਭਾਰਤੀ ਟੀਮ ਵਲੋਂ ਦੋ ਬੱਲੇਬਾਜ਼ਾਂ ਨੇ ਇਸ ਮੈਚ 'ਚ ਰਿਕਾਰਡ ਬਣਾਏ। ਇਸ ਮੈਚ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰਿਸ਼ਭ ਪੰਤ ਨੇ ਆਪਣੇ ਕਰੀਅਰ 'ਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ ਜਦਕਿ ਕੇ. ਐੱਲ. ਰਾਹੁਲ ਨੇ ਵੀ ਆਪਣੇ ਕਰੀਅਰ 'ਚ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ।

ਇਹ ਵੀ ਪੜ੍ਹੋ : ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ

ਇਸ ਮੈਚ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਭਾਰਤ ਲਈ ਪਹਿਲੀ ਵਾਰ ਬਤੌਰ ਸਲਮੀ ਬੱਲੇਬਾਜ਼ ਆਏ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪੰਤ ਇਸ ਮੈਚ 'ਚ ਕੁਝ ਖ਼ਾਸ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਆਪਣੀ 18 ਦੌੜਾਂ ਦੀ ਪਾਰੀ ਦੇ ਦੌਰਾਨ ਕ੍ਰਿਕਟ ਕਰੀਅਰ 'ਚ 3 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਪੰਤ ਨੇ ਇਸ ਮੈਚ 'ਚ 34 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਦੀ ਪਾਰੀ ਖੇਡੀ ਤੇ ਓਡੇਨ ਸਮਿਥ ਦੀ ਗੇਂਦ 'ਤੇ ਆਊਟ ਹੋ ਗਏ।

ਜਦਕਿ ਇਸ ਮੈਚ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕੇ. ਐੱਲ. ਰਾਹੁਲ ਚੰਗੀ ਲੈਅ 'ਚ ਦਿਸੇ। ਕੇ. ਐੱਲ. ਰਾਹੁਲ ਨੇ ਸ਼ੁਰੂਆਤੀ ਵਿਕਟਾਂ ਡਿੱਗਣ ਦੇ ਬਾਅਦ ਭਾਰਤੀ ਪਾਰੀ ਨੂੰ ਸੰਭਾਲਿਆ। ਪਰ ਸੂਰਯਕੁਮਾਰ ਯਾਦਵ ਦੇ ਨਾਲ ਤਾਲਮੇਲ ਦੀ ਕਮੀ ਕਾਰਨ ਉਹ ਰਨ ਆਊਟ ਹੋ ਗਏ। ਕੇ. ਐੱਲ. ਰਾਹੁਲ ਨੇ 48 ਗੇਂਦਾਂ 'ਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ। ਇਸ ਪਾਰੀ ਦੇ ਨਾਲ ਕੇ. ਐੱਲ. ਰਾਹੁਲ ਨੇ ਆਪਣੇ ਕਰੀਅਰ 'ਚ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ : ‘ਗੁਜਰਾਤ ਟਾਈਟਨਸ’ ਦੇ ਨਾਮ ਨਾਲ ਜਾਣੀ ਜਾਵੇਗੀ ਅਹਿਮਦਾਬਾਦ ਫਰੈਂਚਾਇਜ਼ੀ

ਜ਼ਿਕਰਯੋਗ ਹੈ ਕਿ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਵਨ-ਡੇ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾਂ ਵਨ-ਡੇ ਮੈਚ 'ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਜਦਕਿ ਭਾਰਤ ਦੂਜੇ ਮੈਚ ਨੂੰ ਵੀ ਜਿੱਤ ਕੇ ਅਜੇਤੂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼  ਕਰੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh