ਯੂ. ਏ. ਈ. ਤੋਂ ਮਿਲੇਗੀ ਭਾਰਤ ਨੂੰ ਸਭ ਤੋਂ ਸਖਤ ਚੁਣੌਤੀ : ਗੌਰਮਾਂਗੀ

12/22/2018 5:51:06 PM

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਡਿਫੈਂਡਰ ਗੌਰਮਾਂਗੀ ਸਿੰਘ ਨੇ ਸ਼ਨੀਵਾਰ ਕਿਹਾ ਕਿ ਪੰਜ ਜਨਵਰੀ ਤੋਂ ਸ਼ੁਰੂ ਹੋ ਰਹੇ ਏ. ਐੱਫ. ਸੀ. ਏਸ਼ੀਆ ਕੱਪ ਦੇ ਗਰੁਪ ਚਰਣ ਮੈਚ ਵਿਚ ਭਾਰਤ ਨੂੰ ਮੇਜ਼ਬਾਨ ਯੂ. ਏ. ਈ. ਤੋਂ ਸਖਤ ਚੁਣੌਤੀ ਮਿਲੇਗੀ। ਗੌਰਮਾਂਗੀ ਨੇ ਕਿਹਾ, ''ਮੈਂ ਕਹਾਂਗਾ ਕਿ ਯੂ. ਏ. ਈ. ਸਭ ਤੋਂ ਮਜ਼ਬੂਤ ਟੀਮ ਹੋਵੇਗੀ। ਉਨ੍ਹਾਂ ਦੀ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਮੌਜੂਦ ਰਹਿਣਗੇ। ਉਹ ਘਰੇਲੂ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ। ਮੈਨੂੰ ਲਗਦਾ ਹੈ ਕਿ ਉਹ ਸਾਡਾ ਸਭ ਤੋਂ ਮੁਸ਼ਕਲ ਮੈਚ ਹੋਵੇਗਾ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 6 ਜਨਵਰੀ ਨੂੰ ਥਾਈਲੈਂਡ ਖਿਲਾਫ ਮੁਕਾਬਲੇ ਤੋਂ ਕਰੇਗੀ। ਟੀਮ ਨੂੰ 10 ਜਨਵਰੀ ਨੂੰ ਯੁ. ਏ. ਈ. ਅਤੇ 14 ਜਨਵਰੀ ਨੂੰ ਬਹਿਰੀਨ ਖਿਲਾਫ ਖੇਡਣਾ ਹੈ।''

ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਥਾਈਲੈਂਡ ਅਤੇ ਬਹਿਰੀਨ ਖਿਲਾਫ ਮੈਚਾਂ ਵਿਚ ਸਾਡੇ ਕੋਲ ਮੌਕਾ ਹੋਵੇਗਾ ਪਰ ਉਹ ਉਸ ਦਿਨ ਦੇ ਸਾਡੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ।'' ਏ. ਐੱਫ. ਸੀ. ਏਸ਼ੀਆ ਕੱਪ 2011 ਵਿਚ ਬਹਿਰੀਨ ਖਿਲਾਫ ਭਾਰਤ ਲਈ ਪਹਿਲਾ ਗੋਲ ਕਰਨ ਵਾਲੇ 32 ਸਾਲਾਂ ਇਸ ਖਿਡਾਰੀ ਨੂੰ ਲਗਦਾ ਹੈ ਕਿ ਚੀਨ ਨਾਲ ਦੋਸਤਾਨਾ ਮੈਚ ਵਿਚ ਗੋਲ ਰਹਿਤ ਡਰਾਅ ਖੇਡਣ ਨਾਲ ਭਾਰਤੀ ਟੀਮ ਦਾ ਹੌਂਸਲਾ ਵਧੇਗਾ। ਉਨ੍ਹਾਂ ਕਿਹਾ ਕਿ ਮਲੇਸ਼ੀਆ ਨੇ ਥਾਈਲੈਂਡ ਨੂੰ ਹਰਾਇਆ ਸੀ ਅਤੇ ਬਹਿਰੀਨ ਦੀ ਟੀਮ ਉਤਰਾਅ-ਚੜਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ ਇਸ ਲਈ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਤੋਂ ਕੀ ਉਮੀਦ ਰੱਖੀ ਜਾਵੇ ਪਰ ਭਾਰਤੀ ਟੀਮ ਨੇ ਚੀਨ ਨਾਲ ਡਰਾਅ ਖੇਡਿਆ ਹੈ ਅਤੇ ਉਸ ਨੂੰ ਇਨ੍ਹਾਂ ਟੀਮਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।