IND vs SA : ਪਾਟੀਦਾਰ ਜਾਂ ਰਿੰਕੂ ਨੂੰ ਦੂਜੇ ਵਨ ਡੇ ’ਚ ਮਿਲ ਸਕਦੈ ਡੈਬਿਊ ਦਾ ਮੌਕਾ

12/18/2023 9:20:23 PM

ਗਕਬੇਰਹਾ (ਦੱਖਣੀ ਅਫਰੀਕਾ), (ਭਾਸ਼ਾ)– ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ 3 ਮੈਚਾਂ ਦੀ ਲੜੀ ਦੇ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਇੱਥੇ ਜਦੋਂ ਮੈਦਾਨ ’ਤੇ ਉਤਰੇਗੀ ਤਦ ਉਸਦੇ ਸਾਹਮਣੇ ਬੇਹੱਦ ਪ੍ਰਤਿਭਾਸ਼ਾਲੀ ਰਜਤ ਪਾਟੀਦਾਰ ਜਾਂ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਰਿੰਕੂ ਸਿੰਘ ਵਿਚੋਂ ਕਿਸੇ ਇਕ ਨੂੰ ਡੈਬਿਊ ਦਾ ਮੌਕਾ ਦੇਣ ਦੀ ਚੁਣੌਤੀ ਨਾਲ ਨਜਿੱਠਣਾ ਪਵੇਗਾ।

ਅਰਸ਼ਦੀਪ ਸਿੰਘ ਤੇ ਆਵੇਸ਼ ਖਾਨ ਵਰਗੇ ਨੌਜਵਾਨ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਨੂੰ ਲੜੀ ਦਾ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਕਪਤਾਨ ਲੋਕੇਸ਼ ਰਾਹੁਲ ਦੀ ਅਗਵਾਈ ਵਿਚ ਭਾਰਤੀ ਟੀਮ ਨੂੰ 2022 ਵਿਚ ਵਨ ਡੇ ਲੜੀ ਵਿਚ 0-3 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਅਜਿਹੇ ਵਿਚ ਉਹ ਇਸ ਮੈਚ ਨੂੰ ਜਿੱਤ ਕੇ ਪਿਛਲੀ ਅਸਫਲਤਾ ਨੂੰ ਪਿੱਛੇ ਛੱਡਣਾ ਚਾਹੇਗਾ। ਤਜਰਬੇਕਾਰ ਬੱਲੇਬਾਜ਼ ਸ਼੍ਰੇਅਸ ਅਈਅਰ ਇਸ ਮੈਚ ਤੋਂ ਬਾਅਦ ਟੈਸਟ ਟੀਮ ਨਾਲ ਜੁੜ ਗਿਆ, ਜਿਸ ਨਾਲ ਮੱਧਕ੍ਰਮ ਵਿਚੋਂ ਇਕ ਜਗ੍ਹਾ ਖਾਲੀ ਹੈ।

ਇਹ ਵੀ ਪੜ੍ਹੋ : 10 ਟੀਮਾਂ, 333 ਖਿਡਾਰੀ ਤੇ 77 ਸਲਾਟ, IPL ਦੇ ਅਗਲੇ ਸੈਸ਼ਨ ਲਈ ਕੱਲ੍ਹ ਹੋਵੇਗੀ ਨਿਲਾਮੀ

ਰਿੰਕੂ ਨੇ ਪਿਛਲੇ ਕੁਝ ਸਮੇਂ ਵਿਚ ਆਪਣੀ ਬੱਲੇਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਉਸ ਨੇ ਕੌਮਾਂਤਰੀ ਪੱਧਰ ’ਤੇ ਟੀ-20 ਮੈਚਾਂ ਵਿਚ ਆਪਣੀ ਤਕਨੀਕ ਤੇ ਸਮਝਦਾਰੀ ਦੀ ਛਾਪ ਛੱਡੀ ਹੈ। ਦੱਖਣੀ ਅਫਰੀਕਾ ਵਿਚ ਉਛਾਲ ਵਾਲੀਆਂ ਪਿੱਚਾਂ ’ਤੇ ਵੀ ਉਸਦੀ ਬੱਲੇਬਾਜ਼ੀ ਸਹਿਜ ਦਿਸੀ । ਟੀਮ ਵਿਚ ਹਾਲਾਂਕਿ ਫਿਲਹਾਲ ਉਸਦੀ ਭੂਮਿਕਾ ਫਿਨਿਸ਼ਰ ਦੀ ਹੈ, ਅਜਿਹੇ ਵਿਚ ਚੌਥੇ ਕ੍ਰਮ ਦੇ ਬੱਲੇਬਾਜ਼ ਅਈਅਰ ਦੀ ਜਗ੍ਹਾ ਆਖਰੀ-11 ਲਈ ਪਾਟੀਦਾਰ ਦਾ ਦਾਅਵਾ ਜ਼ਿਆਦਾ ਮਜ਼ਬੂਤ ਹੈ ਕਿਉਂਕਿ ਘਰੇਲੂ ਮੈਚਾਂ ਵਿਚ ਉਹ ਮੱਧ ਪ੍ਰਦੇਸ਼ ਲਈ ਇਸ ਕ੍ਰਮ ’ਤੇ ਬੱਲੇਬਾਜੀ਼ ਕਰਦਾ ਹੈ। ਪਾਟੀਦਾਰ 2022 ਵਿਚ ਵੀ ਭਾਰਤੀ ਵਨ ਡੇ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ ਸੀ ਪਰ ਉਸ ਨੂੰ ਆਖਰੀ -11 ਵਿਚ ਮੌਕਾ ਨਹੀਂ ਮਿਲਿਅਾ ਸੀ। ਇਸ ਤੋਂ ਬਾਅਦ ਅੱਡੀ ਦੀ ਸਰਜਰੀ ਦੇ ਕਾਰਨ ਉਸ ਨੂੰ ਇਕ ਸਾਲ ਤਕ ਸੰਘਰਸ਼ ਕਰਨਾ ਪਿਆ। ਟੀਮ ਨੇ ਇਸ ਲੜੀ ਵਿਚ ਮੈਚ ਫਿਨਿਸ਼ਰ ਦੀ ਭੂਮਿਕਾ ਤਜਰਬੇਕਾਰ ਸੰਜੂ ਸੈਮਸਨ ਨੂੰ ਦਿੱਤੀ ਹੈ ਜਿਹੜਾ ਰਾਹੁਲ ਤੋਂ ਬਾਅਦ 6ਵੇਂ ਕ੍ਰਮ ’ਤੇ ਬੱਲੇਬਾਜ਼ੀ ਕਰੇਗਾ। ਲਿਸਟ-ਏ ਕ੍ਰਿਕਟ ਵਿਚ ਰਿੰਕੂ ਦੀ ਔਸਤ ਲਗਭਗ 50 ਦੀ ਹੈ, ਅਜਿਹੇ ਵਿਚ ਟੀਮ ਮੈਨੇਜਮੈਂਟ ਦੋਵਾਂ ਦੇ ਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।

ਇਸ ਮੈਚ ਵਿਚ ਪਾਟੀਦਾਰ ਤੇ ਰਿੰਕੂ ਦੋਵਾਂ ਨੂੰ ਡੈਬਿਊ ਦਾ ਮੌਕਾ ਮਿਲ ਸਕਦਾ ਹੈ ਪਰ ਇਸ ਲਈ ਤਿਲਕ ਵਰਮਾ ਜਾਂ ਸੈਮਸਨ ਨੂੰ ਬਾਹਰ ਹੋਣਾ ਪਵੇਗਾ, ਜਿਸਦੀ ਸੰਭਾਵਨਾ ਘੱਟ ਦਿਸਦੀ ਹੈ। ਪਹਿਲੇ ਮੈਚ ਵਿਚ ਤਿਲਕ ਨੂੰ ਸਿਰਫ 3 ਗੇਂਦਾਂ ਖੇਡਣ ਦਾ ਮੌਕਾ ਮਿਲਿਆ ਜਦਕਿ ਸੈਮਸਨ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਪਹਿਲੇ ਮੈਚ ਵਿਚ ਨੌਜਵਾਨ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ ਅਜੇਤੂ ਅਰਧ ਸੈਂਕੜਾ ਲਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

ਦੱਖਣੀ ਅਫਰੀਕਾ ਲਈ ਧਾਕੜ ਕਵਿੰਟਨ ਡੀ ਕੌਕ ਦੇ ਸੰਨਿਆਸ ਲੈਣ ਤੋਂ ਬਾਅਦ ਟੀਮ ਵਿਚ ਤਾਲਮੇਲ ਬਿਠਾਉਣ ਦੀ ਚੁਣੌਤੀ ਹੈ। ਡੀ ਕੌਕ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਕਾਰਨ ਰੋਸੂ ਵੈਨ ਡਰ ਡੂਸੇਨ, ਹੈਨਰਿਕ ਕਲਾਸੇਨ ਤੇ ਡੇਵਿਡ ਮਿਲਰ ਵਰਗੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਮਿਲਦਾ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਟੀਮ ਦੇ ਚੋਟੀ ਕ੍ਰਮ ਦੇ ਸਾਹਮਣੇ ਭਾਰਤ ਦੇ ਸਵਿੰਗ ਗੇਂਦਬਾਜ਼ਾਂ ਵਿਰੁੱਧ ਚੌਕਸੀ ਨਾਲ ਬੱਲੇਬਾਜ਼ੀ ਕਰਨ ਦੀ ਚੁਣੌਤੀ ਹੋਵੇਗੀ।

ਇਹ ਵੀ ਪੜ੍ਹੋ : ਮਾਨਸੀ-ਮੁਰੂਗੇਸਨ ਨੂੰ ਪੈਰਾ ਬੈਡਮਿੰਟਨ ’ਚ ਸੋਨਾ, ਭਗਤ ਨੂੰ ਦੋ ਚਾਂਦੀ ਤਮਗੇ

ਭਾਰਤੀ ਟੀਮ ਗੇਂਦਬਾਜ਼ੀ ਵਿਚ ਹਾਲਾਂਕਿ ਕੋਈ ਬਦਲਾਅ ਨਹੀਂ ਕਰਨਾ ਚਾਹੇਗੀ। ਅਰਸ਼ਦੀਪ ਤੇ ਆਵੇਸ਼ ਦੇ ਸਾਹਮਣੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਅਸਹਿਜ ਨਜ਼ਰ ਆਏ ਪਰ ਇਸ ਮੈਚ ਵਿਚ ਮੁਕੇਸ਼ ਕੁਮਾਰ ਨੇ 7 ਓਵਰਾਂ ਵਿਚ ਬਿਨਾਂ ਕਿਸੇ ਸਫਲਤਾ ਦੇ 46 ਦੌੜਾਂ ਦੇ ਦਿੱਤੀਆਂ। ਟੀਮ ਮੈਨੇਜਮੈਂਟ ਨੇ ਜੇਕਰ ਪ੍ਰਯੋਗ ਕਰਨ ਦਾ ਮਨ ਬਣਾਇਆ ਤਾਂ ਉਹ ਮੁਕੇਸ਼ ਦੀ ਜਗ੍ਹਾ ਬੰਗਾਲ ਟੀਮ ਦੇ ਉਸਦੇ ਸਾਥੀ ਆਕਾਸ਼ਦੀਪ ਨੂੰ ਮੌਕਾ ਦੇ ਸਕਦੀ ਹੈ। ਟੀਮ ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ, ਅਜਿਹੇ ਵਿਚ ਇਸਦੀ ਸੰਭਾਵਨਾ ਘੱਟ ਹੈ। ਸਪਿਨ ਵਿਭਾਗ ਵਿਚ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਦੇ ਟੀਮ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ। ਇਸਦੇ ਬਦਲ ਵਾਸ਼ਿੰਗਟਨ ਸੁੰਦਰ ਤੇ ਯੁਜਵੇਂਦਰ ਚਾਹਲ ਨੂੰ ਮੌਕੇ ਲਈ ਇੰਤਜ਼ਾਰ ਕਰਨਾ ਪਵੇਗਾ।

ਟੀਮਾਂ ਇਸ ਤਰ੍ਹਾਂ ਹਨ-

ਭਾਰਤ : ਲੋਕੇਸ਼ ਰਾਹੁਲ (ਕਪਤਾਨ ਤੇ ਵਿਕਟਕੀਪਰ), ਰਿਤੂਰਾਜ ਗਾਇਕਵਾੜ, ਬੀ. ਸਾਈ ਸੁਦਰਸ਼ਨ, ਤਿਲਕ ਵਰਮਾ, ਰਜਤ ਪਾਟੀਦਾਰ, ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਅਰਸ਼ਦੀਪ ਸਿੰਘ, ਆਵੇਸ਼ ਖਾਨ, ਰਿੰਕੂ ਸਿੰਘ, ਆਕਾਸ਼ਦੀਪ , ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ।

ਦੱਖਣੀ ਅਫਰੀਕਾ : ਐਡਨ ਮਾਰਕ੍ਰਮ (ਕਪਤਾਨ), ਓਟਨੀਲ ਬਾਰਟਮੈਨ, ਨਰਿੰਦਰ ਬਰਗਰ, ਟੋਨੀ ਡੀ ਜਾਰਜੀ, ਰੀਜਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਮਪੋਂਗਵਾ, ਡੇਵਿਡ ਮਿਲਰ, ਵਿਆਨ ਮੂਲਡਰ, ਐਂਡਿਲੇ ਫੇਲਕਵਾਓ, ਤਬਰੇਜ ਸ਼ੰਮਸੀ, ਰਾਸੀ ਵੈਨ ਡੇਰ ਡੂਸੇਨ, ਕਾਇਲ ਵੇਰਿਨ,ਲਿਜਾਦ ਵਿਲੀਅਮਸ।

 

Tarsem Singh

This news is Content Editor Tarsem Singh