IND vs SA : ਹਾਰ ਤੋਂ ਬਾਅਦ ਕੇਸ਼ਵ ਮਹਾਰਾਜ ਦਾ ਬਿਆਨ, ਨਵੀਂ ਗੇਂਦ ਨਾਲ ਨਜਿੱਠਣ ਦਾ ਤਰੀਕਾ ਲੱਭਣਾ ਪਵੇਗਾ

09/29/2022 2:08:05 PM

ਤਿਰੂਅਨੰਤਪੁਰਮ : ਦੱਖਣੀ ਅਫ਼ਰੀਕਾ ਦੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦਾ ਮੰਨਣਾ ਹੈ ਕਿ ਭਾਰਤ ਖ਼ਿਲਾਫ਼ ਪਹਿਲੇ ਟੀ-20 ਵਿੱਚ ਸਵਿੰਗ ਲੈਂਦੀਆਂ ਗੇਂਦਾਂ ਦੇ ਸਾਹਮਣੇ ਉਨ੍ਹਾਂ ਦੀ ਟੀਮ ਦਾ ਸਿਖਰਲਾ ਕ੍ਰਮ ਢਹਿ-ਢੇਰੀ ਹੋ ਜਾਣ ਕਾਰਨ ਉਸ ਦੀ ਟੀਮ ਨੂੰ ਨਵੀਂ ਗੇਂਦ ਨਾਲ ਨਜਿੱਠਣ ਦਾ ਰਾਹ ਲੱਭਣਾ ਹੋਵੇਗਾ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ (32 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਦੀਪਕ ਚਾਹਰ (24 ਦੌੜਾਂ 'ਤੇ ਦੋ ਵਿਕਟਾਂ) ਨੇ ਗੇਂਦ ਨੂੰ ਦੋਵੇਂ ਪਾਸੇ ਸਵਿੰਗ ਕੀਤਾ ਅਤੇ ਦੱਖਣੀ ਅਫਰੀਕਾ ਦੇ ਸਿਖਰਲੇ ਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਦੇ ਸਿੱਟੇ ਵਜੋਂ ਭਾਰਤ ਨੇ ਬੁੱਧਵਾਰ ਨੂੰ ਇੱਥੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਪਹਿਲੇ ਮੈਚ ਨੂੰ ਅੱਠ ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। 

ਮਹਾਰਾਜ ਨੇ ਮੈਚ ਤੋਂ ਬਾਅਦ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਹ ਅਜਿਹਾ ਵਿਸ਼ਾ ਹੈ ਜਿਸ 'ਤੇ ਸਾਨੂੰ ਜ਼ਿਆਦਾ ਚਰਚਾ ਕਰਨ ਦੀ ਲੋੜ ਹੈ। ਹਾਲਾਂਕਿ, ਸਾਨੂੰ ਇਸ ਬਾਰੇ ਗੱਲ ਕਰਨੀ ਪਵੇਗੀ ਕਿ ਸਾਨੂੰ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ।' ਉਸ ਨੇ ਕਿਹਾ, 'ਸਾਡੇ ਸ਼ੁਰੂਆਤੀ ਓਵਰਾਂ ਦੇ ਪ੍ਰਦਰਸ਼ਨ ਨੂੰ  ਦੇਖਦੇ ਹੋਏ ਸਾਨੂੰ ਸਵਿੰਗ ਨਾਲ ਨਜਿੱਠਣ ਦੇ ਤਰੀਕੇ ਲੱਭਣੇ ਪੈਣਗੇ। ਪਹਿਲੇ ਕੁਝ ਓਵਰਾਂ 'ਚ ਗੇਂਦ ਬਹੁਤ ਜ਼ਿਆਦਾ ਸਵਿੰਗ ਹੋ ਰਹੀ ਸੀ।' ਮਹਾਰਾਜ ਨੇ 35 ਗੇਂਦਾਂ 'ਤੇ 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ। ਉਸ ਤੋਂ ਇਲਾਵਾ ਏਡਨ ਮਾਰਕਰਮ ਨੇ 25 ਅਤੇ ਵੇਨ ਪਰਨੇਲ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : IND vs SA 1st T20I : ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ

ਮਹਾਰਾਜ ਦਾ ਮੰਨਣਾ ਹੈ ਕਿ ਮਾਨਸਿਕਤਾ ਵਿੱਚ ਬਦਲਾਅ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਸਵਿੰਗ ਨਾਲ ਨਿਪਟਣ ਵਿੱਚ ਮਦਦ ਕਰ ਸਕਦਾ ਹੈ। ਉਸ ਨੇ ਕਿਹਾ, 'ਕੁਝ ਮੌਕਿਆਂ 'ਤੇ ਸਾਨੂੰ ਨਵੀਂ ਗੇਂਦ ਨਾਲ ਨਜਿੱਠਣ ਦੇ ਤਰੀਕੇ ਲੱਭਣੇ ਪੈਂਦੇ ਹਨ। ਗੇਂਦ ਬਹੁਤ ਜ਼ਿਆਦਾ ਸਵਿੰਗ ਕਰ ਰਹੀ ਸੀ, ਇਸ ਲਈ ਸਾਡੀ ਰਣਨੀਤੀ ਅਤੇ ਮਾਨਸਿਕਤਾ ਬਦਲਣ ਦੀ ਲੋੜ ਸੀ।' 

ਮਹਾਰਾਜ ਨੇ ਕਿਹਾ, 'ਸਾਨੂੰ ਉਮੀਦ ਨਹੀਂ ਸੀ ਕਿ ਗੇਂਦ ਇੰਨੀ ਸਵਿੰਗ ਹੋਵੇਗੀ। ਇਹ ਬੱਲੇਬਾਜ਼ੀ ਲਈ  ਆਸਾਨ ਵਿਕਟ ਨਹੀਂ ਸੀ। ਕੁਝ ਗੇਂਦਾਂ ਅਚਾਨਕ ਉਠ ਰਹੀਆਂ ਸਨ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ ਪਰ ਅਸੀਂ ਅਗਲੇ ਮੈਚਾਂ ਤੋਂ ਪਹਿਲਾਂ ਇਸ 'ਤੇ ਕੰਮ ਕਰ ਸਕਦੇ ਹਾਂ ਅਤੇ ਉਮੀਦ ਹੈ ਕਿ ਅਸੀਂ ਇਸ 'ਚ ਸੁਧਾਰ ਕਰਾਂਗੇ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh