IND vs ENG: ਭਾਰਤ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ

08/21/2018 12:42:47 AM

ਨਾਟਿੰਘਮ— ਭਾਰਤੀ ਕਪਤਾਨ ਵਿਰਾਟ ਕੋਹਲੀ (103) ਦੇ 23ਵੇਂ ਟੈਸਟ ਸੈਂਕੜੇ ਨਾਲ ਭਾਰਤ ਨੇ ਆਪਣੀ ਦੂਜੀ ਪਾਰੀ ਤੀਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ 7 ਵਿਕਟਾਂ 'ਤੇ 352 ਦੌੜਾਂ 'ਤੇ ਖਤਮ ਐਲਾਨ ਕਰ ਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 521 ਦੌੜਾਂ ਦਾ ਪਹਾੜ ਵਰਗਾ ਟੀਚਾ ਰੱਖ ਦਿੱਤਾ।
ਵਿਰਾਟ ਨੇ ਚਾਹ ਦੀ ਬ੍ਰੇਕ ਤੋਂ ਬਾਅਦ ਆਪਣਾ 23ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਪਹਿਲੀ ਪਾਰੀ ਵਿਚ 97 ਦੌੜਾਂ ਬਣਾਈਆਂ ਸਨ, ਜਿਸ ਨਾਲ ਇਸ ਮੈਚ ਵਿਚ ਉਸ ਦੀਆਂ ਕੁਲ ਦੌੜਾਂ 200 ਦੌੜਾਂ ਪੂਰੀਆਂ ਹੋ ਗਈਆਂ। ਵਿਰਾਟ ਨੇ ਪਹਿਲੇ ਟੈਸਟ ਵਿਚ ਵੀ ਸੈਂਕੜੇ ਸਮੇਤ ਕੁਲ 200 ਦੌੜਾਂ ਬਣਾਈਆਂ ਸਨ। ਵਿਰਾਟ ਨੇ 197 ਗੇਂਦਾਂ 'ਤੇ 103 ਦੌੜਾਂ ਦੀ ਬੇਸ਼ਕੀਮਤੀ ਪਾਰੀ ਵਿਚ 10 ਚੌਕੇ ਲਾਏ। ਵਿਰਾਟ ਦਾ ਇੰਗਲਿਸ਼ ਧਰਤੀ 'ਤੇ ਇਹ ਦੂਜਾ ਤੇ ਇਸ ਸੀਰੀਜ਼ ਦਾ ਵੀ ਦੂਜਾ ਸੈਂਕੜਾ ਹੈ।
ਭਾਰਤੀ ਕਪਤਾਨ ਨੇ ਚੇਤੇਸ਼ਵਰ ਪੁਜਾਰਾ (72) ਨਾਲ ਤੀਜੀ ਵਿਕਟ ਲਈ 113 ਦੌੜਾਂ ਤੇ ਅਜਿੰਕਯ ਰਹਾਨੇ (29) ਨਾਲ ਚੌਥੀ ਵਿਕਟ ਲਈ 57 ਦੌੜਾਂ ਜੋੜੀਆਂ। ਇੰਗਲੈਂਡ ਦੀ ਪਹਿਲੀ ਪਾਰੀ ਵਿਚ ਪੰਜ ਵਿਕਟਾਂ ਲੈਣ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ 52 ਗੇਂਦਾਂ 'ਤੇ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤਿਆ।
ਇੰਗਲੈਂਡ ਨੂੰ ਭਾਰਤ ਦੇ ਆਪਣੀ ਪਾਰੀ ਖਤਮ ਐਲਾਨ ਕੀਤੇ ਜਾਣ ਤੋਂ ਬਾਅਦ ਬਾਕੀ ਸਮੇਂ ਵਿਚ 9 ਓਵਰ ਖੇਡਣ ਨੂੰ ਮਿਲੇ, ਜਿਸ ਵਿਚ ਉਸ ਨੇ ਬਿਨਾਂ ਕਿਸੇ ਨੁਕਸਾਨ ਦੇ 23 ਦੌੜਾਂ ਬਣਾ ਲਈਆਂ ਹਨ। ਸਟੰਪਸ ਦੇ ਸਮੇਂ ਐਲਿਸਟੀਅਰ ਕੁਕ 9 ਦੌੜਾਂ ਤੇ ਕੀਟਨ ਜੇਨਿੰਗਸ 13 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਇੰਗਲੈਂਡ ਨੇ ਅਜੇ ਵੀ 498 ਦੌੜਾਂ ਬਣਾਉਣੀਆਂ ਹਨ। ਭਾਰਤ ਨੇ ਸਵੇਰੇ 2 ਵਿਕਟਾਂ 'ਤੇ 124 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਚੇਤੇਸ਼ਵਰ ਪੁਜਾਰਾ ਨੇ 33 ਤੇ ਵਿਰਾਟ ਨੇ 8 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ।