ਇੰਡੀਅਨ ਕਿਊ ਮਾਸਟਰਸ ਲੀਗ ''ਚ ਦਿਸੇਗਾ ਧਾਕੜਾਂ ਦਾ ਜਲਵਾ

08/19/2017 4:56:57 AM

ਅਹਿਮਦਾਬਾਦ— ਦੇਸ਼ 'ਚ ਖੇਡੀਆਂ ਜਾ ਰਹੀਆਂ ਵੱਖ-ਵੱਖ ਲੀਗਜ਼ ਵਿਚਾਲੇ ਸ਼ਨੀਵਾਰ ਤੋਂ ਅਹਿਮਦਾਬਾਦ 'ਚ ਇੰਡੀਅਨ ਕਿਊ ਮਾਸਟਰਸ ਲੀਗ ਦਾ ਵੀ ਆਗਾਜ਼ ਹੋਣ ਜਾ ਰਿਹਾ ਹੈ, ਜਿਥੇ ਧਾਕੜ ਕਿਊ ਪਲੇਅਰਸ ਅਤੇ ਵਿਸ਼ਵ ਦੇ ਨਾਮੀ ਸਿਤਾਰਿਆਂ ਵਿਚਾਲੇ 50 ਲੱਖ ਦੀ ਇਨਾਮੀ ਰਾਸ਼ੀ ਲਈ ਟੱਕਰ ਦੇਖਣ ਨੂੰ ਮਿਲੇਗੀ।
ਕਿਊ ਸਲੈਮ ਦੇ ਪਹਿਲੇ ਮੁਕਾਬਲੇ ਦੀ ਸ਼ੁਰੂਆਤ ਵਿਸ਼ਵ ਚੈਂਪੀਅਨ ਤੇ ਤਜਰਬੇਕਾਰ ਖਿਡਾਰੀ ਪੰਕਜ ਅਡਵਾਨੀ ਦੇ ਮੁਕਾਬਲੇ ਨਾਲ ਹੋਵੇਗੀ, ਜਿਹੜਾ ਚੇਨਈ ਸਟ੍ਰਾਈਕਰਸ ਵਲੋਂ ਉਤਰ ਰਿਹਾ ਹੈ। ਉਹ ਮੈਚ ਵਿਚ ਗੁਜਰਾਤ ਕਿੰਗਜ਼ ਦੇ ਐਂਡ੍ਰਿਊ ਪੈਗੇਟ ਨਾਲ ਭਿੜੇਗਾ। ਦਿਨ ਦੇ ਇਕ ਹੋਰ ਮੁਕਾਬਲੇ ਵਿਚ ਦਿੱਲੀ ਡਾਨਸ ਦਾ ਸਾਹਮਣਾ ਬੈਂਗਲੁਰੂ ਬਡੀਜ਼ ਨਾਲ ਹੋਵੇਗਾ।
ਟੂਰਨਾਮੈਂਟ ਤੋਂ ਪਹਿਲਾਂ ਕਿਊ ਸਪੋਰਟਸ ਦੇ ਦੋਵਾਂ ਧਾਕੜਾਂ ਨੇ ਇਕ-ਦੂਜੇ ਨੂੰ ਚੁਣੌਤੀ ਵੀ ਦਿੱਤੀ। 16 ਵਾਰ ਦੇ ਵਿਸ਼ਵ ਚੈਂਪੀਅਨ ਅਡਵਾਨੀ ਨੇ ਆਪਣੀ ਟੀਮ ਬਾਰੇ ਦੱਸਿਆ, ''ਸਾਡੇ ਕੋਲ ਤਜਰਬੇਕਾਰ ਤੇ ਨੌਜਵਾਨ ਖਿਡਾਰੀਆਂ ਦੀ ਬਿਹਤਰੀਨ ਟੀਮ ਹੈ। ਸਾਡੀ ਟੀਮ ਵਿਚ ਧਰਮਿੰਦਰ ਲਿਲੀ ਤੇ ਫੈਜ਼ਲ ਖਾਨ ਹਨ ਤੇ ਦੂਜੇ ਪਾਸੇ ਵਿਦਿਆ ਪਿੱਲੇ ਤੇ ਪਾਂਡੂ ਰੈਂਗਿਆ ਦਾ ਜੋਸ਼ ਹੈ ਅਰਥਾਤ ਕੁਲ ਮਿਲਾ ਕੇ ਸ਼ਾਨਦਾਰ ਮਿਸ਼ਰਣ ਉਪਲੱਬਧ ਹੈ।''
ਸੱਤ ਦਿਨ ਤਕ ਚੱਲਣ ਵਾਲੀ ਇਸ ਲੀਗ ਵਿਚ ਪੰਜ ਟੀਮਾਂ ਵਿਚਾਲੇ ਰਾਊਂਡ ਰੌਬਿਨ ਲੀਗ- ਕਮ-ਨਾਕਆਊਟ ਦੇ ਸਵਰੂਪ 'ਚ ਰੋਮਾਂਚਕ ਟੱਕਰ ਹੋਣ ਵਾਲੀ ਹੈ। ਹਰ ਪ੍ਰਤੀਯੋਗਿਤਾ 'ਚ ਤਿੰਨ ਮੈਚ, 6 ਰੈੱਡ ਸਨੂਕਰ ਦੇ ਅਤੇ 2 ਮੈਚ 9 ਬਾਲ ਪੂਲ ਦੇ ਹਣਗੇ।  ਹਰ ਟੀਮ ਵਿਚ ਪੰਜ ਖਿਡਾਰੀ ਹੋਣਗੇ  (ਜਿਸ ਵਿਚ 1 ਆਈਕਨ ਪਲੇਅਰ, ਇਕ ਮਹਿਲਾ ਖਿਡਾਰੀ ਤੇ ਤਿੰਨ ਪੁਰਸ਼ ਖਿਡਾਰੀ ਹੋਣਗੇ। ਇਨ੍ਹਾਂ ਖਿਡਾਰੀਆਂ ਵਿਚ 3 ਦਾ ਭਾਰਤੀ ਹੋਣਾ ਜ਼ਰੂਰੀ ਹੈ।