ICC T20 ਰੈਂਕਿੰਗ ''ਚ ਭਾਰਤ ਮੁੜ ਨੰਬਰ-1, ਆਸਟ੍ਰੇਲੀਆ ਛੇਵੇਂ ਸਥਾਨ ''ਤੇ ਖਿਸਕਿਆ

09/26/2022 4:37:47 PM

ਦੁਬਈ : ਭਾਰਤ ਨੇ ਆਸਟਰੇਲੀਆ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਹਰਾ ਆਈ. ਸੀ. ਸੀ. ਟੀ-20 ਰੈਂਕਿੰਗ ਵਿੱਚ ਦੂਜੇ ਸਥਾਨ 'ਤੇ ਕਾਬਜ ਇੰਗਲੈਂਡ 'ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ ਵਿਚ ਮਿਲੀ ਹਾਰ ਦੇ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ 'ਚ ਸੀਰੀਜ਼ ਵਿਚ ਬਰਾਬਰੀ ਹਾਸਲ ਕੀਤੀ ਅਤੇ ਹੈਦਰਾਬਾਦ ਵਿਚ ਤੀਜਾ ਟੀ20 ਅਤੇ ਸੀਰੀਜ਼ ਆਪਣੇ ਨਾਂ ਕਰ ਲਈ। 

ਭਾਰਤ ਨੂੰ ਇਸ ਜਿੱਤ ਦਾ ਫ਼ਾਇਦਾ ਆਈ. ਸੀ. ਸੀ. ਟੀ20 ਰੈਂਕਿੰਗ 'ਚ ਵੀ ਮਿਲਿਆ ਹੈ। ਆਈ. ਸੀ. ਸੀ. ਦੀ ਤਾਜ਼ਾ ਰੈਂਕਿੰਗ 'ਚ ਭਾਰਤ ਨੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਪਹਿਲਾਂ ਤੋਂ ਹੀ ਚੋਟੀ 'ਤੇ ਬਰਕਰਾਰ ਹੈ ਪਰ ਇਹ ਸੀਰੀਜ਼ ਜਿੱਤਣ ਦੇ ਬਾਅਦ ਭਾਰਤ ਨੇ ਦੂਜੇ ਸਥਾਨ 'ਤੇ ਕਾਬਜ਼ ਇੰਗਲੈਂਡ ਤੋਂ ਆਪਣਾ ਫ਼ਾਸਲਾ ਵਧਾ ਦਿੱਤਾ ਹੈ। ਭਾਰਤ ਨੂੰ ਇਸ ਨਾਲ ਇਕ ਅੰਕ ਦਾ ਫ਼ਾਇਦਾ ਹੋਇਆ ਹੈ ਤੇ ਹੁਣ ਉਸ ਦੇ 268 ਅੰਕ ਹਨ ਜਦਕਿ ਇੰਗਲੈਂਡ ਉਸ ਤੋਂ 7 ਅੰਕ ਪਿੱਛੇ ਹੈ।

ਇਹ ਵੀ ਪੜ੍ਹੋ : ਜਾਇਸਵਾਲ ਤੇ ਉਨਾਦਕਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੱਛਮੀ ਖੇਤਰ ਨੇ ਜਿੱਤਿਆ ਦਲੀਪ ਟਰਾਫੀ ਦਾ ਖ਼ਿਤਾਬ

ਭਾਰਤ ਨੂੰ ਹੁਣ ਦੱਖਣੀ ਅਫਰੀਕਾ ਨਾਲ ਸੀਰੀਜ਼ ਖੇਡਣੀ ਹੈ ਜਿਸ ਨਾਲ ਭਾਰਤ ਨੂੰ ਚੋਟੀ 'ਤੇ ਆਪਣੀ ਜਗ੍ਹਾ ਹੋਰ ਪੁਖ਼ਤਾ ਕਰਨ ਦਾ ਮੌਕਾ ਮਿਲੇਗਾ। ਦੱਖਣੀ ਅਫਰੀਕਾ 258 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਤੇ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੇ ਜ਼ਰੀਏ ਆਪਣੀ ਰੈਂਕਿੰਗ ਬਿਹਤਰ ਕਰ ਸਕਦਾ ਹੈ। ਪਾਕਿਸਤਾਨ ਨੇ ਇੰਗਲੈਂਡ ਨੂੰ ਕਰਾਚੀ ਵਿੱਚ ਚੌਥੇ ਟੀ20 ਵਿੱਚ ਹਰਾ ਕੇ ਭਾਰਤ ਨੂੰ ਇੰਗਲੈਂਡ 'ਤੇ ਬੜ੍ਹਤ ਪੱਕੀ ਕਰਨ 'ਚ ਮਦਦ ਕੀਤੀ। ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੋਵੇਂ ਤੀਜੇ ਸਥਾਨ 'ਤੇ ਹਨ। 

ਪਾਕਿਸਤਾਨ ਨੂੰ ਅਜੇ ਇੰਗਲੈਂਡ ਨਾਲ ਤਿੰਨ ਮੈਚ ਹੋਰ ਖੇਡਣੇ ਹਨ ਤੇ ਉਹ ਆਪਣੀ ਰੈਂਕਿੰਗ 'ਚ ਸੁਧਾਰ ਕਰ ਸਕਦਾ ਹੈ। ਇੰਗਲੈਂਡ ਬਾਕੀ ਤਿੰਨ 'ਚੋਂ ਇਕ ਵੀ ਮੈਚ ਜਿੱਤਣ 'ਤੇ ਦੂਜੇ ਸਥਾਨ 'ਤੇ ਬਣਿਆ ਰਹੇਗਾ। ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਛੇਵੇਂ ਸਥਾਨ 'ਤੇ ਖ਼ਿਸਕ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh