ਫੀਫਾ ਅੰਡਰ-17 ਵਿਸ਼ਵ ਕੱਪ ''ਚ ਹਰੇਕ ਦਿਨ ਵਿਦਿਆਰਥੀਆਂ ਦੇ ਲਈ ਪੰਜ ਹਜ਼ਾਰ ਦੇ ਮੁਫਤ ਪਾਸ

09/13/2017 2:40:26 PM

ਕੋਲਕਾਤਾ— ਪੱਛਮੀ ਬੰਗਾਲ ਸਰਕਾਰ ਅਗਲੇ ਮਹੀਨੇ ਸ਼ਹਿਰ ਦੇ ਸਾਲਟ ਲੇਕ ਸਟੇਡੀਅਮ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਮੈਚਾਂ ਨੂੰ ਦਿਖਾਉਣ ਦੇ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਲਈ ਇੰਤਜ਼ਾਮ ਕਰ ਰਹੀ ਹੈ। ਪੱਛਮੀ ਬੰਗਾਲ ਦੇ ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਲਗਭਗ 5000 ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ (ਮੁੰਡੇ ਅਤੇ ਕੁੜੀਆਂ) ਦੇ ਲਈ ਮੁਫਤ ਟਿਕਟ ਮੁਹੱਈਆ ਕਰਾਉਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਉਹ ਅੱਠ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਸ਼ਿਪ ਦੇ ਫਾਈਨਲ ਸਮੇਤ 10 ਮੈਚਾਂ ਨੂੰ ਸਟੇਡੀਅਮ 'ਚ ਦੇਖ ਸਕਣ।
ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਸੂਬੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ 8 ਅਕਤੂਬਰ ਤੋਂ ਸਾਲਟ ਲੇਕ ਸਟੇਡੀਅਮ 'ਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਮੈਚਾਂ ਨੂੰ ਦੇਖਣ ਦੇ ਲਈ ਮੁਫਤ ਪਾਸ ਮੁਹੱਈਆ ਕਰਾਏ ਜਾਣਗੇ। ਹਰੇਕ ਦਿਨ ਕਰੀਬ 5,000 ਵਿਦਿਆਰਥੀਆਂ ਨੂੰ ਮੈਚ ਦੇਖਣ ਦੇ ਲਈ ਮੁਫਤ ਪਾਸ ਦਿੱਤੇ ਜਾਣਗੇ।'' ਹਾਲਾਂਕਿ ਪਤਾ ਲੱਗਾ ਹੈ ਕਿ ਮੁਫਤ ਪਾਸ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਾਏ ਜਾਣਗੇ ਜੋ ਵੱਖ-ਵੱਖ ਖੇਡ ਸਰਗਰਮੀਆਂ ਨਾਲ ਜੁੜੇ ਹਨ।