ਗੌਫ ਨੂੰ ਹਰਾ ਕੇ ਸਵੀਆਟੇਕ ਬਣੀ ਫ੍ਰੈਂਚ ਓਪਨ ਚੈਂਪੀਅਨ

06/05/2022 2:08:49 PM

ਸਪੋਰਟਸ ਡੈਸਕ- ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਪੋਲੈਂਡ ਦੀ ਇਗਾ ਸਵੀਆਟੇਕ ਨੇ ਫ੍ਰੈਂਚ ਓਪਨ ਦਾ ਖ਼ਿਤਾਬ ਜਿੱਤ ਲਿਆ ਹੈ। ਉਸ ਨੇ ਸ਼ਨੀਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਅਮਰੀਕਾ ਦੀ ਕੋਕੋ ਗੌਫ ਨੂੰ 6-1, 6-3 ਨਾਲ ਹਰਾਇਆ। ਇਹ ਸਵੀਆਟੇਕ ਦੀ ਲਗਾਤਾਰ 35 ਮੈਚ ਜਿੱਤ ਹੈ। 

ਪਹਿਲੇ ਸੈੱਟ ਤੋਂ ਹੀ ਇਗਾ ਨੇ ਕੋਕੋ ’ਤੇ ਦਬਾਅ ਬਣਾਇਆ ਅਤੇ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਆਪਣੇ ਦੇਸ਼ ਲਈ ਟੈਨਿਸ ’ਚ ਅਹਿਮ ਸਿੰਗਲਜ਼ ਖਿਤਾਬ ਜਿੱਤਣ ਵਾਲੀ ਇਗਾ ਨੇ ਸਾਲ 2000 ਤੋਂ ਬਾਅਦ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੇ ਮਾਮਲੇ ’ਚ ਵੀਨਸ ਵਿਲੀਅਮਜ਼ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਹ ਪਿਛਲੇ ਛੇ ਟੂਰਨਾਮੈਂਟਾਂ ’ਚ ਜੇਤੂ ਬਣ ਕੇ ਉਭਰੀ ਹੈ ਅਤੇ ਇਸ ਸੈਸ਼ਨ ’ਚ ਉਸ ਦੀ ਜਿੱਤ-ਹਾਰ ਦਾ ਰਿਕਾਰਡ 42-3 ਹੈ। 

ਫ੍ਰੈਂਚ ਓਪਨ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਣ ਮਗਰੋਂ ਇਗਾ ਸਵੀਆਟੇਕ ਨੇ ਯੂਕਰੇਨ ਨੂੰ ਸੱਦਾ ਦਿੱਤਾ ਕਿ ਉਹ ਰੂਸ ਖ਼ਿਲਾਫ਼ ਜੰਗ ’ਚ ਮਜ਼ਬੂਤੀ ਨਾਲ ਡਟੇ ਰਹਿਣ। ਸਵੀਆਟੇਕ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਕੈਪ ’ਤੇ ਯੂਕਰੇਨੀ ਰੰਗ ਦਾ ਰਿਬਨ ਲਗਾਈ ਰੱਖਿਆ ਸੀ। ਖ਼ਿਤਾਬ ਜਿੱਤਣ ਮਗਰੋਂ ਉਸ ਨੇ ਕਿਹਾ,‘‘ਮੈਂ ਯੂਕਰੇਨ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ। ਮਜ਼ਬੂਤੀ ਨਾਲ ਡਟੇ ਰਹੋ, ਅਜੇ ਜੰਗ ਜਾਰੀ ਹੈ।’’

Tarsem Singh

This news is Content Editor Tarsem Singh