B'Day Spcl : ਸਟਾਰ ਭਾਰਤੀ ਖਿਡਾਰੀ ਧੋਨੀ ਨੂੰ ICC ਨੇ ਕੀਤਾ ਸਨਮਾਨਤ, ਦਿੱਤਾ ਇਹ ਖਾਸ ਤੋਹਫਾ

07/06/2019 3:04:34 PM

ਸਪੋਰਟਸ ਡੈਸਕ : ਭਾਰਤ ਦੇ ਮਹਾਨ ਖਿਡਾਰੀਆਂ ਅਤੇ ਕਪਤਾਨਾਂ ਵਿਚ ਸ਼ਾਮਲ ਹੋ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਜਨਮ ਰਾਂਚੀ ਵਿਖੇ 7 ਜੁਲਾਈ ਸਾਲ 1981 ਵਿਚ ਹੋਇਆ ਸੀ। ਭਾਰਤੀ ਟੀਮ ਦੇ ਸੁਪਰ ਸਟਾਰ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਉਸਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਹੀ ਆਈ. ਸੀ. ਸੀ. ਨੇ ਸ਼ਾਨਦਾਰ ਤੋਹਫਾ ਦਿੱਤਾ ਹੈ। ਆਈ. ਸੀ. ਸੀ. ਨੇ ਧੋਨੀ ਨੂੰ ਭਾਰਤੀ ਕ੍ਰਿਕਟ ਦਾ ਚਿਹਰਾ ਬਦਲਣ ਵਾਲਾ ਦੱਸਦਿਆਂ ਉਸਦਾ ਇਕ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਧੋਨੀ 7 ਜੁਲਾਈ ਭਾਵ ਕੱਲ ਐਤਵਾਰ ਨੂੰ ਆਪਣਾ 38ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। 

ਆਈ. ਸੀ. ਸੀ. ਨੇ ਸ਼ੇਅਰ ਕੀਤੀ ਧੋਨੀ ਦੀ ਵੀਡੀਓ

ਆਈ. ਸੀ. ਸੀ. ਵੱਲੋਂ ਸ਼ੇਅਰ ਕੀਤੇ ਇਸ ਵੀਡੀਓ ਦੇ ਕੈਪਸ਼ਨ ਵਿਚ ਲਿੱਖਿਆ ਗਿਆ ਹੈ ਕਿ ਧੋਨੀ ਅਜਿਹਾ ਨਾਂ ਹੈ ਜਿਸਨੇ ਪੂਰੀ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਆਈ. ਸੀ. ਸੀ. ਨੇ ਧੋਨੀ ਨੂੰ ਨਿਰਾਲੀ ਵਿਰਾਸਤ ਦਾ ਮਾਲਕ ਦੱਸਿਆ ਹੈ। ਇਸ ਤੋਂ ਇਲਾਵਾ ਆਈ. ਸੀ. ਸੀ. ਨੇ ਲਿੱਖਿਆ ਕਿ ਮਹਿੰਦਰ ਸਿੰਘ ਧੋਨੀ ਸਿਰਫ ਇਕ ਨਾਂ ਨਹੀਂ ਹੈ। ਇਸ ਵੀਡੀਓ ਵਿਚ ਧੋਨੀ ਦੇ ਵੱਖ-ਵੱਖ ਵਿਨਿੰਗ ਅਤੇ ਹਿਟਿੰਗ ਮੂਮੈਂਟਸ ਨੂੰ ਦਿੱਖਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਖਿਡਾਰੀਆਂ ਨੂੰ ਧੋਨੀ ਦੀ ਸ਼ਲਾਘਾ ਕਰਦਿਆਂ ਦਿਖਾਇਆ ਗਿਆ ਹੈ।

2 ਵਰਲਡ ਕੱਪ ਜਿਤਾਉਣ ਵਾਲੇ ਪਹਿਲੇ ਭਾਰਤੀ ਕਪਤਾਨ
ਇਸ ਤੋਂ ਇਲਾਵਾ ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਅਜਿਹੇ ਇਕਲੌਤੇ ਕਪਤਾਨ ਹਨ ਜਿਸਨੇ ਟੀਮ ਇੰਡੀਆ ਨੂੰ 2-2 ਵਰਲਡ ਕੱਪ ਖਿਤਾਬ ਜਿਤਾਏ ਹਨ। 1983 ਤੋਂ ਬਾਅਦ ਭਾਰਤ ਨੇ ਧੋਨੀ ਦੀ ਅਗਵਾਈ ਵਿਚ 50 ਓਵਰਾਂ ਦੇ ਸਵਰੂਪ 'ਚ ਸਾਲ 2011 'ਚ ਦੂਜਾ ਵਰਲਡ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਧੋਨੀ ਟੀ-20 ਵਰਲਡ ਕੱਪ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਅਤੇ ਦੁਨੀਆ ਦੇ ਪਹਿਲੇ ਕਪਤਾਨ ਬਣੇ ਸਨ।

ਸਾਲ 1992 ਵਿਚ ਪਹਿਲੀ ਵਾਰ ਬਣੇ ਸੀ ਵਿਕਟਕੀਪਰ

ਰਾਂਚੀ ਦੇ ਜਵਾਹਰ ਸਕੂਲ ਵਿਚ ਧੋਨੀ ਦੀ ਪੜਾਈ ਹੋਈ ਅਤੇ ਇਸੇ ਸਕੂਲ ਵਿਚ ਧੋਨੀ ਨੇ ਸਭ ਤੋਂ ਪਹਿਲਾਂ ਬੈਟ ਆਪਣੇ ਹੱਥ ਵਿਚ ਫੜਿਆ। ਸਾਲ 1992 ਵਿਚ ਜਦੋਂ ਧੋਨੀ 6ਵੀਂ ਕਲਾਸ ਵਿਚ ਸੀ ਤਦ ਉਸਦੇ ਸਕੂਲ ਦੀ ਟੀਮ ਨੂੰ ਇਕ ਵਿਕਟਕੀਪਰ ਦੀ ਜ਼ਰੂਰਤ ਸੀ। ਇਸ ਦੌਰਾਨ ਉਸਨੂੰ ਪਹਿਲੀ ਵਾਰ ਵਿਕਟਕੀਪਿੰਗ ਕਰਨ ਦਾ ਮੌਕਾ ਮਿਲਿਆ। ਸਕੂਲ ਤੋਂ ਬਾਅਦ ਧੋਨੀ ਜ਼ਿਲਾ ਪੱਧਰ ਕਮਾਂਡੋ ਕ੍ਰਿਕਟ ਕਲੱਬ ਵੱਲੋਂ ਖੇਡਣ ਲੱਗ ਪਏ ਸੀ। ਇਸ ਤੋਂ ਬਾਅਦ ਧੋਨੀ ਨੇ ਸੈਂਟ੍ਰਲ ਕੋਲ ਫੀਲਡ ਲਿਮਿਟੇਡ ਦੀ ਟੀਮ ਵੱਲੋਂ ਵੀ ਕ੍ਰਿਕਕ ਖੇਡਿਆ ਅਤੇ ਹਰ ਜਗ੍ਹਾ ਆਪਣੀ ਖੇਡ ਨਾਲ ਲੋਕਾਂ ਦਾ ਦਿਲ ਜਿੱਤਿਆ।

ਰੇਲਵੇ 'ਚ ਕਰ ਚੁੱਕੇ ਹਨ ਨੌਕਰੀ

ਧੋਨੀ ਬਿਹਾਰ ਰਣਜੀ ਲਈ ਕ੍ਰਿਕਟ ਖੇਡਦੇ ਸੀ ਅਤੇ ਇਸ ਦੌਰਾਨ ਉਸਦੀ ਰੇਲਵੇ ਵਿਚ ਬਤੌਰ ਟਿਕਟ ਕਲੈਕਟਰ ਨੌਕਰੀ ਲੱਗ ਗਈ। ਧੋਨੀ ਦੀ ਪਹਿਲੀ ਪੋਸਟਿੰਗ ਪੱਛਮੀ ਬੰਗਾਲ ਦੇ ਖੜਗਪੁਰ ਵਿਚ ਹੋਈ ਅਤੇ 2001 ਤੋਂ 2003 ਤੱਕ ਧੋਨੀ ਖੜਗਪੁਰ ਦੇ ਸਟੇਡੀਅਮ ਵਿਚ ਕ੍ਰਿਕਟ ਖੇਡਿਆ ਕਰਦੇ ਸੀ। ਦੋਸਤਾਂ ਮੁਤਾਬਕ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨ ਵਾਲੇ ਧੋਨੀ ਜਿੰਨਾ ਡਿਊਟੀ ਦੌਰਾਨ ਲਗਨ ਨਾਲ ਕੰਮ ਕਰਦੇ ਸੀ, ਉਂਨਾ ਹੀ ਸਮਾਂ ਕ੍ਰਿਕਟ ਨੂੰ ਦਿੰਦੇ ਸੀ। ਧੋਨੀ ਉੱਥੇ ਰੇਲਵੇ ਦੀ ਟੀਮ ਲਈ ਵੀ ਖੇਡਿਆ ਕਰਦੇ ਸੀ।

ਭਾਰਤੀ ਟੀਮ ਵਿਚ ਸਲੈਕਸ਼ਨ

ਸਾਲ 2003-2004 ਵਿਚ ਧੋਨੀ ਨੂੰ ਜ਼ਿੰਬਾਬਵੇ ਅਤੇ ਕੀਨਿਆ ਦੌਰੇ ਲਈ ਭਾਰਤ-ਏ ਟੀਮ ਵਿਚ ਚੁਣਿਆ ਗਿਆ। ਜ਼ਿੰਬਾਬਵੇ ਖਿਲਾਫ ਉਸਨੇ ਵਿਕਟਕੀਪਰ ਦੇ ਤੌਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 7 ਕੈਚ ਅਤੇ 4 ਸਟੰਪ ਕੀਤੇ। ਇਸ ਦੌਰੇ 'ਤੇ ਬੱਲੇਬਾਜ਼ੀ ਕਰਦਿਆਂ ਧੋਨੀ ਨੇ 7 ਮੈਚਾਂ ਵਿਚ 362 ਦੌੜਾਂ ਬਣਾਈਆਂ। ਧੋਨੀ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਤੁਰੰਤ ਟੀਮ ਇੰਡੀਆ ਦੇ ਕਪਤਾਨ ਸੌਰਭ ਗਾਂਗੁਲੀ ਨੇ ਉਸ ਨੂੰ ਟੀਮ ਵਿਚ ਲੈਣ ਦੀ ਸਲਾਹ ਦਿੱਤੀ। 2004 ਵਿਚ ਧੋਨੀ ਨੂੰ ਪਹਿਲੀ ਵਾਰ ਟੀਮ ਇੰਡੀਆ ਵਿਚ ਜਗ੍ਹਾ ਮਿਲੀ।