ਅਫਰੀਕੀਆਂ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ, ਨਿਊਜ਼ੀਲੈਂਡ ਨਾਲ ਕਰਨਗੇ ਸਾਹਮਣਾ

06/19/2019 1:52:18 AM

ਬਰਮਿੰਘਮ- ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਚੱਲ ਰਹੇ ਨਿਊਜ਼ੀਲੈਂਡ ਵਿਰੁੱਧ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਦਾ ਅੱਜ ਬਰਮਿੰਘਮ 'ਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।
ਟੂਰਨਾਮੈਂਟ ਵਿਚ ਬਣੇ ਰਹਿਣ ਤੇ ਸੈਮੀਫਾਈਨਲ ਦੀ ਦੌੜ ਵਿਚ ਬਰਕਰਾਰ ਰਹਿਣ ਲਈ ਦੱਖਣੀ ਅਫਰੀਕਾ ਨੂੰ ਨਿਊਜ਼ੀਲੈਂਡ ਵਿਰੁੱਧ ਹਰ ਹਾਲ ਵਿਚ ਮੁਕਾਬਲਾ ਜਿੱਤਣਾ  ਪਵੇਗਾ। ਦੱਖਣੀ ਅਫਰੀਕਾ ਦੇ 5 ਮੈਚਾਂ 'ਚੋਂ 3 ਹਾਰ, 1 ਜਿੱਤ ਤੇ 1 ਰੱਦ ਨਤੀਜੇ ਨਾਲ 3 ਅੰਕ ਹਨ ਤੇ ਉਹ ਫਿਲਹਾਲ ਅੰਕ ਸੂਚੀ ਵਿਚ 8ਵੇਂ ਸਥਾਨ 'ਤੇ ਹੈ, ਜਦਕਿ ਟੂਰਨਾਮੈਂਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਨਿਊਜ਼ੀਲੈਂਡ ਦੇ 4 ਮੈਚਾਂ 'ਚੋਂ 3 ਜਿੱਤਾਂ ਤੇ 1 ਰੱਦ ਮੈਚ ਨਾਲ 7 ਅੰਕ ਹਨ।
ਭਾਵੇਂ ਹੀ ਨਿਊਜ਼ੀਲੈਂਡ ਇਸ ਮੁਕਾਬਲੇ ਦਾ ਦਾਅਵੇਦਾਰ ਹੈ ਪਰ ਦੱਖਣੀ ਅਫਰੀਕਾ ਕੋਲ ਵੀ ਬਿਹਤਰੀਨ ਟੀਮ ਹੈ ਤੇ ਅਜਿਹੇ ਖਿਡਾਰੀ ਹਨ, ਜਿਹੜੇ ਮੈਚ ਦਾ ਪਾਸਾ ਆਪਣੇ ਵੱਲ ਮੋੜਨ ਦੀ ਸਮਰੱਥਾ ਰੱਖਦੇ ਹਨ। ਹਾਲਾਂਕਿ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰ ਸਕਣ ਵਿਚ ਅਜੇ ਤਕ ਅਸਫਲ ਰਹੀ ਹੈ। 
ਦੱਖਣੀ ਅਫਰੀਕਾ ਨੂੰ ਪਹਿਲੇ ਮੈਚ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ ਕਰਾਰੀ ਹਾਰ ਝੱਲਣੀ ਪਈ ਸੀ ਤੇ ਦੂਜੇ ਮੈਚ ਵਿਚ ਉਸ ਨੂੰ ਬੰਗਲਾਦੇਸ਼ ਨੇ ਵੱਡੇ ਉਲਟਫੇਰ ਦਾ ਸ਼ਿਕਾਰ ਕਰਦਿਆਂ 21 ਦੌੜਾਂ ਨਾਲ ਹਰਾ ਦਿੱਤਾ ਸੀ। ਦੱਖਣੀ ਅਫਰੀਕਾ ਦਾ ਤੀਜਾ ਮੁਕਾਬਲਾ ਭਾਰਤ ਨਾਲ ਸੀ ਤੇ ਉਥੇ ਵੀ ਉਸ ਨੂੰ ਮੂੰਹ ਦੀ ਹੀ ਖਾਣੀ ਪਈ ਸੀ। 
ਹਾਲਾਂਕਿ ਵੈਸਟਇੰਡੀਜ਼ ਵਿਰੁੱਧ ਉਸਦਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਤੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਸੀ ਪਰ ਇਸ ਮੁਕਾਬਲੇ ਵਿਚ ਵੀ ਉਸਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ 7.3 ਓਵਰਾਂ ਵਿਚ ਉਸ ਨੇ 2 ਵਿਕਟਾਂ ਗੁਆ ਕੇ 29 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਪਿਛਲੇ ਮੁਕਾਬਲੇ ਵਿਚ ਅਫਗਾਨਿਸਤਾਨ ਨੂੰ ਹਰਾ ਕੇ ਇਸ ਵਿਸ਼ਵ ਕੱਪ ਵਿਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਸੀ।
ਦੱਖਣੀ ਅਫਰੀਕਾ ਦੇ ਹੁਣ 4 ਮੈਚ ਬਾਕੀ ਹਨ ਤੇ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਸਾਰੇ ਮੁਕਾਬਲੇ ਜਿੱਤਣੇ ਪੈਣਗੇ। ਅਜਿਹੇ ਵਿਚ ਨਿਊਜ਼ੀਲੈਂਡ ਵਰਗੀ ਸੰਤੁਲਿਤ ਟੀਮ ਵਿਰੁੱਧ ਉਸ ਨੂੰ ਹਰ ਵਿਭਾਗ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਟੂਰਨਾਮੈਂਟ ਵਿਚ ਵਾਪਸੀ ਕਰਨੀ ਪਵੇਗੀ। 
ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਦਾ ਵਿਸ਼ਵ ਕੱਪ ਵਿਚ ਹੁਣ ਤਕ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ ਤੇ ਉਸ ਨੂੰ ਇਕ ਵੀ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਨਹੀਂ  ਕਰਨਾ ਪਿਆ।  ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ  ਹਰਾਇਆ ਸੀ, ਜਦਕਿ ਦੂਜੇ ਮੁਕਾਬਲੇ ਵਿਚ ਉਸਦਾ ਸਾਮਹਣਾ ਉਲਟਫੇਰ ਕਰਨ ਵਿਚ ਮਾਹਿਰ ਬੰਗਲਾਦੇਸ਼ ਨਾਲ ਸੀ, ਜਿੱਥੇ ਉਸ ਨੂੰ 2 ਵਿਕਟਾਂ ਨਾਲ ਜਿੱਤ ਮਿਲੀ ਸੀ। ਤੀਜੇ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। ਭਾਰਤ ਵਿਰੁੱਧ ਉਸਦਾ ਚੌਥਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।

satpal klair

This news is Content Editor satpal klair