ਮੈਂ ਖੇਡਣ ਲਈ ਖ਼ੁਦ ਨੂੰ ਸਭ ਤੋਂ ਵਧੀਆ ਸਥਿਤੀ ''ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ: ਜੋਫਰਾ ਆਰਚਰ

04/21/2023 4:31:59 PM

ਨਵੀਂ ਦਿੱਲੀ (ਭਾਸ਼ਾ)- ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 4 ਮੈਚਾਂ ਤੋਂ ਬਾਹਰ ਰਹਿਣ ਵਾਲੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਕਿਹਾ ਕਿ ਉਹ ਮੁੰਬਈ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਲਈ ਖੁਦ ਨੂੰ ਬਿਹਤਰੀਨ ਸਥਿਤੀ 'ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਕਿੰਗਜ਼ ਖਿਲਾਫ ਮੈਚ ਦੀ ਪੂਰਬਲੀ ਸ਼ਾਮ 'ਤੇ ਇੰਗਲੈਂਡ ਦੇ ਇਸ 28 ਸਾਲਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਫਿਲਹਾਲ ਉਹ ਚੰਗਾ ਮਹਿਸੂਸ ਕਰਨ 'ਤੇ ਧਿਆਨ ਦੇ ਰਿਹਾ ਹੈ।

ਆਰਚਰ ਨੇ ਮੁੰਬਈ ਇੰਡੀਅਨਜ਼ ਵੱਲੋਂ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਖਿਲਾਫ ਪਹਿਲਾ ਮੈਚ ਖੇਡਿਆ ਸੀ ਪਰ ਉਸ ਤੋਂ ਬਾਅਦ ਸੱਜੀ ਕੂਹਣੀ ਦੀ ਸੱਟ ਕਾਰਨ ਉਸ ਨੂੰ ਬਾਹਰ ਬੈਠਣਾ ਪਿਆ। ਮੁੰਬਈ ਨੇ ਉਸ ਨੂੰ ਆਈ.ਪੀ.ਐੱਲ. 2022 ਤੋਂ ਪਹਿਲਾਂ ਨਿਲਾਮੀ ਵਿੱਚ ਖਰੀਦਿਆ ਸੀ ਪਰ ਸੱਟ ਕਾਰਨ ਉਹ ਮੌਜੂਦਾ ਸੀਜ਼ਨ ਤੋਂ ਪਹਿਲਾਂ ਤੱਕ ਇਸ ਫਰੈਂਚਾਈਜ਼ੀ ਵੱਲੋਂ ਕੋਈ ਮੈਚ ਨਹੀਂ ਖੇਡ ਸਕਿਆ ਸੀ। ਆਰਚਰ ਨੇ ਕਿਹਾ, "ਨਿਸ਼ਚਤ ਤੌਰ 'ਤੇ ਪਿਛਲੇ 2 ਹਫ਼ਤੇ ਉਸ ਤਰੀਕੇ ਨਾਲ ਨਹੀਂ ਰਹੇ, ਜਿਸ ਤਰ੍ਹਾਂ ਤੁਸੀਂ ਪੂਰੀ ਤਰ੍ਹਾਂ ਸਰਗਰਮ ਹੋਣ 'ਤੇ ਚਾਹੁੰਦੇ ਹੋ। ਪਰ ਜਦੋਂ ਤੁਸੀਂ ਲੰਬੇ ਸਮੇਂ ਲਈ ਬਾਹਰ ਹੁੰਦੇ ਹੋ, ਤਾਂ ਤੁਸੀਂ ਅਚਾਨਕ 100 ਫ਼ੀਸਦੀ ਫਿਟਨੈੱਸ ਪ੍ਰਾਪਤ ਕਰਨ ਦੀ ਉਮੀਦ ਨਹੀਂ ਕਰ ਸਕਦੇ ਹੋ।'

ਉਸ ਨੇ ਕਿਹਾ, "ਕਦੇ ਅਜਿਹੇ ਪਲ ਵੀ ਆ ਰਹੇ ਹਨ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਅਸਲ ਵਿੱਚ ਗੰਭੀਰ ਹੈ। ਮੈਨੂੰ ਨਹੀਂ ਪਤਾ ਕਿ ਮੇਰਾ ਅਗਲਾ ਮੈਚ ਕਿਹੜਾ ਹੋਵੇਗਾ ਪਰ ਮੈਂ (ਖੇਡਣ ਲਈ) ਖ਼ੁਦ ਨੂੰ ਸਭ ਤੋਂ ਵਧੀਆ ਸਥਿਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।' ਆਰਚਰ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਜਿੰਨੀ ਤੇਜ਼ੀ ਨਾਲ ਹੋ ਸਕੇ ਗੇਂਦਬਾਜ਼ੀ ਕਰਨਾ ਚਾਹੁੰਦਾ ਹਾਂ, ਪਰ ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਚੰਗੀ ਗੇਂਦਬਾਜ਼ੀ ਵੀ ਕਰਦੇ ਹੋ। ਫਿਲਹਾਲ ਮੈਂ ਸਿਰਫ ਚੰਗਾ ਮਹਿਸੂਸ ਕਰਨ 'ਤੇ ਧਿਆਨ ਦੇ ਰਿਹਾ ਹਾਂ।

cherry

This news is Content Editor cherry