ਹੋਲਡਰ ICC ਰੈਂਕਿੰਗ 'ਚ ਪਹੁੰਚਿਆ ਦੂਜੇ ਸਥਾਨ 'ਤੇ

07/14/2020 9:45:01 PM

ਦੁਬਈ– ਜੈਸਨ ਹੋਲਡਰ ਸਾਊਥੰਪਟਨ ਵਿਚ ਇੰਗਲੈਂਡ ਵਿਰੁੱਧ ਜਿੱਤ ਦੌਰਾਨ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਕਰੀਅਰ ਦੇ ਸਰਵਸ੍ਰੇਸ਼ਠ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ ਤੇ ਨਾਲ ਹੀ ਉਸ ਨੇ ਪਿਛਲੇ 20 ਸਾਲਾਂ ਵਿਚ ਵੈਸਟਇੰਡੀਜ਼ ਦੇ ਕਿਸੇ ਗੇਂਦਬਾਜ਼ ਵਲੋਂ ਸਰਵਸ੍ਰੇਸ਼ਠ ਰੇਟਿੰਗ ਅੰਕ ਵੀ ਹਾਸਲ ਕੀਤੇ।


ਪਹਿਲੀ ਪਾਰੀ ਵਿਚ 42 ਦੌੜਾਂ 'ਤੇ 6 ਵਿਕਟਾਂ ਸਮੇਤ ਮੈਚ ਵਿਚ 7 ਵਿਕਟਾਂ ਲੈਣ ਵਾਲੇ ਹੋਲਡਰ ਨੇ ਕਰੀਅਰ ਦੇ ਸਰਵਸ੍ਰੇਸ਼ਠ 862 ਰੇਟਿੰਗ ਅੰਕ ਹਾਸਲ ਕੀਤੇ ਹਨ, ਜੋ ਅਗਸਤ 2000 ਵਿਚ ਕਰਟਨੀ ਵਾਲਸ਼ ਦੇ 866 ਅੰਕਾਂ ਤੋਂ ਬਾਅਦ ਕਿਸੇ ਵੈਸਟਇੰਡੀਜ਼ ਦੇ ਗੇਂਦਬਾਜ਼ ਦੇ ਸਭ ਤੋਂ ਵੱਧ ਰੇਟਿੰਗ ਅੰਕ ਹਨ। ਕੋਰੋਨਾ ਮਹਾਮਾਰੀ ਦੇ ਕਾਰਣ ਮਾਰਚ ਤੋਂ ਮੈਦਾਨ ਨਾ ਉਤਰਨ ਵਾਲੇ ਭਾਰਤੀ ਕ੍ਰਿਕਟਰਾਂ ਨੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਟਾਪ-10 ਵਿਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਸਟੀਵ ਸਮਿਥ ਤੋਂ ਬਾਅਦ ਦੂਜੇ ਸਥਾਨ 'ਤੇ ਬਰਕਰਾਰ ਹੈ।


ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਟੀਵ ਸਮਿਥ ਤੋਂ ਬਾਅਦ ਦੂਜੇ ਸਥਾਨ 'ਤੇ ਬਰਕਰਾਰ ਹੈ, ਜਦਕਿ ਚੇਤੇਸ਼ਵਰ ਪੁਜਾਰਾ ਤੇ ਰਹਾਣੇ ਕ੍ਰਮਵਾਰ- ਸੱਤਵੇਂ ਤੇ ਨੌਵੇਂ ਸਥਾਨ 'ਤੇ ਹੈ। ਜਸਪ੍ਰੀਤ ਬੁਮਰਾਹ ਸੱਤਵੇਂ ਸਥਾਨ ਦੇ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ ਟਾਪ-10 ਵਿਚ ਇਕਲੌਤਾ ਭਾਰਤੀ ਹੈ। ਹੋਲਡਰ ਪਹਿਲੇ ਟੈਸਟ ਤੋਂ ਬਾਅਦ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 35ਵੇਂ ਸਥਾਨ 'ਤੇ ਬਰਕਰਾਰ ਹੈ ਤੇ ਆਲਰਾਊਂਡਰਾਂ ਦੀ ਸੂਚੀ ਵਿਚ ਕਰੀਅਰ ਦੇ ਸਰਵਸ਼੍ਰੇਸ਼ਠ 485 ਅੰਕਾਂ ਨਾਲ ਚੋਟੀ 'ਤੇ ਹੈ। ਦੂਜੇ ਨੰਬਰ 'ਤੇ ਕਾਬਜ਼ ਇੰਗਲੈਂਡ ਦੇ ਬੇਨ ਸਟੋਕਸ ਨੇ ਵੀ ਕਰੀਅਰ ਦੇ ਸਰਵਸ੍ਰੇਸ਼ਠ 431 ਰੇਟਿੰਗ ਅੰਕ ਹਾਸਲ ਕੀਤੇ ਹਨ।

Gurdeep Singh

This news is Content Editor Gurdeep Singh