ਹਾਕੀ ਵਿਸ਼ਵ ਕੱਪ : ਨਾਕਆਊਟ ''ਚ ਮਿਲੇਗੀ ਡੱਚ ਤੋਂ ਸਖਤ ਚੁਣੌਤੀ

12/13/2018 1:02:10 AM

ਭੁਵਨੇਸ਼ਵਰ— ਵਿਸ਼ਵ ਕੱਪ 'ਚ 43 ਸਾਲ ਬਾਅਦ ਤਮਗਾ ਜਿੱਤਣ ਦਾ ਸੁਪਨਾ ਲੈ ਕੇ ਉੱਤਰੀ ਭਾਰਤੀ ਹਾਕੀ ਟੀਮ ਸਾਹਮਣੇ ਵੀਰਵਾਰ ਕੁਆਰਟਰ ਫਾਈਨਲ 'ਚ ਨੀਦਰਲੈਂਡ ਦੇ ਰੂਪ 'ਚ ਸਖਤ ਚੁਣੌਤੀ ਹੋਵੇਗੀ, ਜੋ ਪਿਛਲੇ 2 ਮੈਚਾਂ ਵਿਚ 10 ਗੋਲ ਕਰ ਕੇ ਆਪਣੇ ਹਮਲਾਵਰ ਤੇਵਰ ਜ਼ਾਹਿਰ ਕਰ ਚੁੱਕਾ ਹੈ। ਵਿਸ਼ਵ ਰੈਂਕਿੰਗ ਵਿਚ ਨੀਦਰਲੈਂਡ ਤੋਂ ਇਕ ਸਥਾਨ ਹੇਠਾਂ 5ਵੇਂ ਸਥਾਨ 'ਤੇ ਕਾਬਜ਼ ਭਾਰਤ ਨੇ ਪੂਲ-ਸੀ ਵਿਚ 3 ਮੈਚਾਂ 'ਚੋਂ 2 ਜਿੱਤ ਅਤੇ 1 ਡਰਾਅ ਤੋਂ ਬਾਅਦ ਚੋਟੀ 'ਤੇ ਰਹਿ ਕੇ ਆਖਰੀ 8 'ਚ ਜਗ੍ਹਾ ਬਣਾਈ। ਉਥੇ ਹੀ ਨੀਦਰਲੈਂਡ ਪੂਲ-ਡੀ ਵਿਚ ਦੂਸਰੇ ਸਥਾਨ 'ਤੇ ਰਹਿ ਕੇ ਕ੍ਰਾਸ ਓਵਰ ਖੇਡਿਆ। ਕੈਨੇਡਾ ਨੂੰ 5 ਗੋਲਾਂ ਨਾਲ ਦਰੜ ਕੇ ਕੁਆਰਟਰ ਫਾਈਨਲ 'ਚ ਪੁੱਜਿਆ। ਖਚਾਖਚ ਭਰੇ ਰਹਿਣ ਵਾਲੇ ਕਲਿੰਗਾ ਸਟੇਡੀਅਮ ਵਿਚ ਦਰਸ਼ਕਾਂ ਨੂੰ ਇੰਤਜ਼ਾਰ ਭਾਰਤ ਦੀ ਇਕ ਹੋਰ ਸ਼ਾਨਦਾਰ ਜਿੱਤ ਦੇ ਨਾਲ ਤਮਗੇ ਦੇ ਨੇੜੇ ਪਹੁੰਚਣ ਦਾ ਹੈ। ਆਖਰੀ ਲੀਗ ਮੈਚ 8 ਦਸੰਬਰ ਨੂੰ ਖੇਡਣ ਵਾਲੀ ਭਾਰਤੀ ਟੀਮ 4 ਦਿਨ ਦੀ ਬ੍ਰੇਕ ਤੋਂ ਬਾਅਦ ਮੈਦਾਨ 'ਚ ਉਤਰੇਗੀ।
'ਅਸੀਂ ਹਮਲਾਵਰ ਹਾਕੀ ਖੇਡ ਰਹੇ ਹਾਂ, ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ'
ਕੋਚ ਹਰਿੰਦਰ ਸਿੰਘ ਮੁਤਾਬਕ ਅਸਲੀ ਟੂਰਨਾਮੈਂਟ ਦੀ ਸ਼ੁਰੂਆਤ ਨਾਕਆਊਟ ਨਾਲ ਹੋਵੇਗੀ। ਸਾਡੀ ਟੀਮ ਡੱਚ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਨੇ ਕਿਹਾ, ''ਅਸੀਂ ਹਮਲਾਵਰ ਹਾਕੀ ਖੇਡ ਰਹੇ ਹਾਂ। ਇਸ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਸਾਨੂੰ ਵੱਡੀਆਂ ਟੀਮਾਂ ਖਿਲਾਫ ਖੇਡਣ ਦਾ ਚੰਗਾ ਤਜਰਬਾ ਹੈ ਅਤੇ ਨੀਦਰਲੈਂਡ ਨੂੰ ਵੀ ਅਸੀਂ ਹਰਾ ਸਕਦੇ ਹਾਂ। ਇਹ ਟੀਮ ਵੱਡੀਆਂ ਟੀਮਾਂ ਦੇ ਰਸੂਖ ਤੋਂ ਖੌਫ ਖਾਣ ਵਾਲੀ ਨਹੀਂ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਵਾਰ ਵਿਸ਼ਵ ਕੱਪ ਤੋਂ ਖਾਲੀ ਨਹੀਂ ਪਰਤਾਂਗੇ।'' ਕੋਚ ਦੇ ਆਤਮ-ਵਿਸ਼ਵਾਸ ਦੀ ਵਜ੍ਹਾ ਭਾਰਤੀ ਟੀਮ ਦਾ ਪੂਲ ਪੜਾਅ 'ਚ ਪ੍ਰਦਰਸ਼ਨ ਹੈ। ਦੁਨੀਆ ਦੀ ਤੀਸਰੇ ਨੰਬਰ ਦੀ ਟੀਮ ਬੈਲਜੀਅਮ ਦੇ ਹੁੰਦਿਆਂ ਭਾਰਤ ਨੇ ਪਹਿਲੇ ਸਥਾਨ 'ਤੇ ਰਹਿ ਕੇ ਨਾਕਆਊਟ ਲਈ ਸਿੱਧਾ ਕੁਆਲੀਫਾਈ ਕੀਤਾ। ਦੱਖਣੀ ਅਫਰੀਕਾ ਨੂੰ 5 ਗੋਲਾਂ ਨਾਲ ਹਰਾਇਆ, ਜਦਕਿ ਕੈਨੇਡਾ ਨੂੰ 5-1 ਨਾਲ ਮਾਰ ਦਿੱਤੀ। ਬੈਲਜੀਅਮ ਨੂੰ ਆਖਰੀ 4 ਮਿੰਟਾਂ ਵਿਚ ਗੋਲ ਗੁਆਉਣ ਤੋਂ ਬਾਅਦ 2-2 ਨਾਲ ਡਰਾਅ ਖੇਡਣਾ ਪਿਆ।
ਭਾਰਤ ਦੀ ਤਾਕਤ
ਸਿਮਰਨਜੀਤ ਸਿੰਘ, ਲਲਿਤ ਉਪਾਧਿਆਏ, ਮਨਦੀਪ ਸਿੰਘ ਅਤੇ ਓਡਿਸ਼ਾ ਦਾ ਡ੍ਰੈਗ ਫਲਿੱਕਰ ਅਮਿਤ ਰੋਹੀਦਾਸ ਸਮੇਤ ਭਾਰਤੀ ਖਿਡਾਰੀਆਂ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ। ਡਿਫੈਂਸ ਵਿਚ ਕੁਝ ਮੌਕਿਆਂ ਨੂੰ ਛੱਡ ਕੇ ਭਾਰਤੀਆਂ ਨੇ ਨਿਰਾਸ਼ ਨਹੀਂ ਕੀਤਾ ਪਰ ਡੱਚ ਖਿਡਾਰੀਆਂ ਨੂੰ ਮੌਕਾ ਦੇਣ ਤੋਂ ਬਚਣਾ ਹੋਵੇਗਾ।
ਨੀਦਰਲੈਂਡ ਦੀ ਤਾਕਤ 
ਦੂਸਰੇ ਪਾਸੇ ਨੀਦਰਲੈਂਡ ਨੇ ਅਜੇ ਤੱਕ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ 18 ਗੋਲ ਕੀਤੇ ਹਨ। ਉਸ ਨੇ ਪੂਲ ਪੜਾਅ ਵਿਚ ਮਲੇਸ਼ੀਆ ਨੂੰ 7-0 ਨਾਲ ਅਤੇ ਪਾਕਿਸਤਾਨ ਨੂੰ 5-1 ਨਾਲ ਹਰਾਇਆ, ਹਾਲਾਂਕਿ ਜਰਮਨੀ ਕੋਲੋਂ 1-4 ਨਾਲ ਹਾਰ ਝੱਲਣੀ ਪਈ। ਡੱਚ ਕੋਚ ਮੈਕਸ ਕੈਲਡਾਸ ਨੇ ਮੰਨਿਆ ਕਿ ਕਲਿੰਗਾ ਸਟੇਡੀਅਮ 'ਤੇ ਵੱਡੇ ਮੈਚ ਵਿਚ ਭਾਰਤ ਨੂੰ ਹਰਾਉਣਾ ਚੁਣੌਤੀਪੂਰਨ ਹੋਵੇਗਾ। ਉਨ੍ਹਾਂ ਨੂੰ ਇਸ ਦਾ ਤਜਰਬਾ ਹੈ ਅਤੇ ਖਿਡਾਰੀ ਇਸ ਦੇ ਲਈ ਤਿਆਰ ਹਨ।