ਹਾਕੀ ਵਿਸ਼ਵ ਕੱਪ : ਕੈਨੇਡਾ ਅਤੇ ਦੱ. ਅਫਰੀਕਾ ਨੇ 1-1 ਨਾਲ ਖੇਡਿਆ ਡਰਾਅ

12/02/2018 11:05:06 PM

ਭੁਵਨੇਸ਼ਵਰ- ਕੈਨੇਡਾ ਅਤੇ ਦੱਖਣੀ ਅਫਰੀਕਾ ਨੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚ ਕਲਿੰਗਾ ਸਟੇਡੀਅਮ ਵਿਚ ਖੇਡਿਆ ਗਿਆ ਪੂਲ-ਸੀ ਦਾ ਦਿਲਚਸਪ ਮੁਕਾਬਲਾ 1-1 ਨਾਲ ਖੇਡਿਆ। ਪਹਿਲੇ 2 ਕੁਆਰਟਰਜ਼ ਵਿਚ ਕੋਈ ਗੋਲ ਨਾ ਹੋਣ ਤੋਂ ਬਾਅਦ ਤੀਸਰੇ ਕੁਆਰਟਰ ਵਿਚ ਨਾਟਕੀ ਖੇਡ ਦੇਖਣ ਨੂੰ ਮਿਲੀ। ਮੈਚ ਦੇ 43ਵੇਂ ਮਿੰਟ ਵਿਚ ਦੱਖਣੀ ਅਫਰੀਕਾ ਨੇ ਮੈਦਾਨੀ ਗੋਲ ਨਾਲ ਬੜ੍ਹਤ ਬਣਾਈ, ਜਦਕਿ 2 ਮਿੰਟ ਬਾਅਦ 45ਵੇਂ ਮਿੰਟ 'ਚ ਕੈਨੇਡਾ ਨੇ ਪੈਨਲਟੀ ਸਟ੍ਰੋਕ 'ਤੇ ਗੋਲ ਕਰ ਕੇ ਮੈਚ ਵਿਚ ਬਰਾਬਰੀ ਕਰ ਦਿੱਤੀ। ਚੌਥੇ ਅਤੇ ਆਖਰੀ ਕੁਆਰਟਰ ਵਿਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਡਰਾਅ ਖਤਮ ਹੋ ਗਿਆ। ਇਸ ਡਰਾਅ ਤੋਂ ਬਾਅਦ ਦੋਵਾਂ ਟੀਮਾਂ ਕੋਲ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਬਣੀਆਂ ਹੋਈਆਂ ਹਨ। ਦੋਵੇਂ ਟੀਮਾਂ ਦੇ 2-2 ਮੈਚਾਂ 'ਚ 1-1 ਅੰਕ ਹਨ। ਕੈਨੇਡਾ ਨੂੰ ਪਹਿਲੇ ਮੈਚ ਵਿਚ ਬੈਲਜੀਅਮ ਕੋਲੋਂ 1-2 ਨਾਲ ਅਤੇ ਦੱਖਣੀ ਅਫਰੀਕਾ ਨੂੰ ਮੇਜ਼ਬਾਨ ਭਾਰਤ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਦਾ ਆਖਰੀ ਗਰੁੱਪ ਮੈਚ ਭਾਰਤ ਨਾਲ ਅਤੇ ਦੱਖਣੀ ਅਫਰੀਕਾ ਦਾ ਆਖਰੀ ਮੈਚ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਨਾਲ ਹੋਵੇਗਾ। 
ਕੈਨੇਡਾ ਅਤੇ ਦੱਖਣੀ ਅਫਰੀਕਾ ਨੂੰ ਕੁਆਰਟਰ ਫਾਈਨਲ ਦੀਆਂ ਉਮੀਦਾਂ ਲਈ ਪੂਲ 'ਚ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣਾ ਹੋਵੇਗਾ ਤਾਂ ਕਿ ਉਨ੍ਹਾਂ ਨੇ ਕਰਾਸ ਓਵਰ ਮੈਚ ਖੇਡਣ ਦਾ ਮੌਕਾ ਮਿਲ ਸਕੇ। ਕ੍ਰਾਸ ਓਵਰ ਮੈਚ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ ਮੈਚ ਵਿਚ ਖੇਡਣ ਦਾ ਮੌਕਾ ਮਿਲੇਗਾ।