ਜੈਪੁਰ ਨੂੰ ਚਿੱਤ ਕਰਕੇ ਹਰਿਆਣਾ ਫਾਈਨਲ ''ਚ

01/18/2017 10:58:21 AM

ਨਵੀਂ ਦਿੱਲੀ— ਸਾਬਕਾ ਉਪ ਜੇਤੂ ਹਰਿਆਣਾ ਹੈਮਰਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਜੈਪੁਰ ਨਿੰਜਾਸ ਨੂੰ ਮੰਗਲਵਾਰ ਨੂੰ ਇੱਥੇ ਕੇ. ਡੀ. ਜਾਦਵ ਕੁਸ਼ਤੀ ਸਟੇਡੀਅਮ ਵਿਚ 6-3 ਨਾਲ ਹਰਾ ਕੇ ਪ੍ਰੋ ਰੈਸਲਿੰਗ ਲੀਗ ਦੇ ਦੂਜੇ ਸੈਸ਼ਨ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾ ਲਈ।
ਹਰਿਆਣਾ ਨੇ ਸੈਮੀਫਾਈਨਲ ਵਿਚ ਪਹਿਲੇ ਦੋ ਮੈਚ ਹਾਰ ਜਾਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਤੇ ਅਗਲੇ ਸੱਤ ਵਿਚੋਂ ਛੇ ਮੈਚ ਜਿੱਤੇ। ਲੀਗ ਮੈਚਾਂ ਵਿਚ ਦੋ ਭਾਰ ਵਰਗਾਂ ਨੂੰ ਬਲਾਕ ਕਰਨ ਦਾ ਨਿਯਮ ਹੈ ਪਰ ਸੈਮੀਫਾਈਨਲ ਵਿਚ ਸਾਰੇ 9 ਮੈਚਾਂ ਵਿਚ ਮੁਕਾਬਲਾ ਹੋਇਆ, ਜਿਨ੍ਹਾਂ ਵਿਚ ਹਰਿਆਣਾ ਨੇ ਬਾਜ਼ੀ ਮਾਰ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਲੀਗ ਵਿਚ ਪਹਿਲੀ ਵਾਰ ਉਤਰੀ ਜੈਪੁਰ ਨਿੰਜਾਸ ਦੀ ਟੀਮ ਸ਼ੁਰੂਆਤੀ ਬੜ੍ਹਤ ਦਾ ਫਾਇਦਾ ਨਹੀਂ ਚੁੱਕ ਸਕੀ ਤੇ ਉਸ ਦੇ ਪਹਿਲਵਾਨਾਂ ਨੇ ਹਰਿਆਣਾ ਦੇ ਪਹਿਲਵਾਨਾਂ ਸਾਹਮਣੇ ਗੋਡੇ ਟੇਕ ਦਿੱਤੇ। ਹਰਿਆਣਾ ਲਈ ਮੈਗੋਮੇਦ ਕੁਬਾਰਾਲੀਵ (70 ਕਿ. ਗ੍ਰਾ.), ਮਾਰਵਾ ਅਮਰੀ (58), ਰਜਨੀਸ਼ (65), ਸੰਦੀਪ ਤੋਮਰ (57), ਸੋਫੀਆ ਮੈਟਸਨ (53) ਤੇ ਅਬਦੁਲਸਲਾਮ ਗੈਦੀਸੋਵ (79) ਨੇ ਆਪਣੇ-ਆਪਣੇ ਮੈਚ ਜਿੱਤੇ।