T20 ਵਰਲਡ ਕੱਪ ਫਾਈਨਲ ਹਾਰਨ ਤੋਂ ਬਾਅਦ ਹਰਮਨਪ੍ਰੀਤ ਨੇ ਟੀਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ

03/08/2020 6:41:13 PM

ਸਪੋਰਟਸ ਡੈਸਕ— ਆਈ. ਸੀ . ਸੀ . ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਆਸਟਰੇਲੀਆ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ 'ਤੇ ਭਵਿੱਖ 'ਚ ਚੰਗੇ ਪ੍ਰਦਰਸ਼ਨ ਨੂੰ ਲੈ ਕੇ ਪੂਰਾ ਭਰੋਸਾ ਹੈ। ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੇ ਟੂਰਨਾਮੈਂਟ ਦਾ ਹਰ ਮੁਕਾਬਲਾ ਜਿੱਤਿਆ ਸੀ ਪਰ ਫਾਈਨਲ 'ਚ ਆਸਟਰੇਲੀਆ ਨੇ ਉਸਨੂੰ ਖੇਡ ਦੇ ਹਰ ਵਿਭਾਗ 'ਚ ਪਛਾੜ ਕੇ ਆਪਣਾ 5ਵਾਂ ਖਿਤਾਬ ਜਿੱਤਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 184 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਦੀ ਪਾਰੀ ਨੂੰ 99 ਦੌੜਾਂ 'ਤੇ ਢੇਰ ਦਿੱਤਾ।


ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, 'ਅਸੀਂ ਲੀਗ ਮੈਚਾਂ 'ਚ ਜਿਸ ਤਰ੍ਹਾਂ ਦਾ ਖੇਡ ਦਿਖਾਇਆ, ਉਹ ਸ਼ਾਨਦਾਰ ਸੀ, ਮੈਨੂੰ ਅਜੇ ਵੀ ਟੀਮ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ, 'ਇਹ ਖੇਡ ਦਾ ਹਿੱਸਾ ਹੈ, ਕਦੇ ਤੁਸੀਂ ਜਿੱਤਦੇ ਹੋ ਅਤੇ ਕਦੇ ਤੁਸੀਂ ਹਾਰਦੇ ਹੋ। ਤੁਹਾਨੂੰ ਸਿੱਖਦੇ ਰਹਿਣਾ ਚਾਹਿਦਾ ਹੈ ਪਰ ਮੈਨੂੰ ਇਸ ਟੀਮ 'ਤੇ ਭਰੋਸਾ ਹੈ। ਹਰਮਨਪ੍ਰੀਤ ਨੇ ਹਾਲਾਂਕਿ ਮੰਨਿਆ ਕਿ ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ਾਂ ਬੇਥ ਮੂਨੀ  (ਅਜੇਤੂ 78) ਅਤੇ ਐਲੀਸਾ ਹੀਲੀ (75) ਨੂੰ ਜੀਵਨਦਾਨ ਦੇਣ ਨਾਲ ਟੀਮ ਲਈ ਹਾਲਤ ਕਾਫ਼ੀ ਮੁਸ਼ਕਿਲ ਹੋ ਗਈ।

ਭਾਰਤੀ ਕਪਤਾਨ ਨੇ ਕਿਹਾ ਕਿ ਟੀਮ ਨੂੰ ਫੀਲਡਿੰਗ 'ਚ ਕੰਮ ਕਰਨਾ ਹੋਵੇਗਾ ਅਤੇ ਗਲਤੀਆਂ ਤੋਂ ਸਿੱਖਣਾ ਹੋਵੇਗਾ। ਉਸ ਨੇ ਕਿਹਾ, 'ਅਸੀਂ ਕੈਚ ਛੱਡੇ, ਅੱਜ ਕਿਸਮਤ ਸਾਡੇ ਨਾਲ ਨਹੀਂ ਸੀ। ਟੀਮ ਲਈ ਅਗਲਾ ਡੇਢ ਸਾਲ ਕਾਫ਼ੀ ਅਹਿਮ ਹੈ। ਸਾਨੂੰ ਕਈ ਚੀਜਾਂ 'ਤੇ ਧਿਆਨ ਦੇਣਾ ਹੋਵੇਗਾ, ਖਾਸ ਕਰ ਫੀਲਡਿੰਗ 'ਤੇ।