ਏਸ਼ੀਆਈ ਚੈਂਪੀਅਨਸ ਟਰਾਫੀ ''ਚ ਖਿਤਾਬ ਦਾ ਬਚਾਅ ਕਰਨਗੇ ਹਰਿੰਦਰ ਸਿੰਘ

07/05/2018 6:59:35 PM

ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਹਾਲੈਂਡ 'ਚ ਚੈਂਪੀਅਨਸ ਟਰਾਫੀ ਦੇ ਆਖਰੀ ਸੈਸ਼ਨ 'ਚ ਖਿਤਾਬ ਤਾਂ ਨਹੀਂ ਜਿੱਤ ਸਕੀ ਪਰ ਕੋਚ ਹਰਿੰਦਰ ਸਿੰਘ ਨੂੰ ਭਰੋਸਾ ਹੈ ਕਿ ਟੀਮ ਅਕਤੂਬਰ 'ਚ ਮਸਕਟ 'ਚ ਹੋਣ ਵਾਲੀ 6 ਦੇਸ਼ਾਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਆਪਣੇ ਖਿਤਾਬ ਦਾ ਬਚਾਅ ਕਰੇਗੀ। ਭਾਰਤ ਨੂੰ ਹਾਲ ਹੀ 'ਚ ਐੱਫ.ਆਈ.ਐੱਚ. ਚੈਂਪੀਅਨਸ ਟਰਾਫੀ 'ਚ ਲਗਾਤਾਰ ਦੂਜੀ ਵਾਰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਸੀ। ਭਾਰਤ ਨੂੰ ਫਾਈਨਲ 'ਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਪੈਨਲਟੀ ਸ਼ੂਟਆਊਟ 'ਚ ਹਰਾਇਆ ਸੀ। ਭਾਰਤ ਦੋ ਸਾਲ ਪਹਿਲਾਂ ਵੀ ਆਸਟਰੇਲੀਆ ਤੋਂ ਹਾਰਿਆ ਸੀ। ਏਸ਼ੀਆਈ ਹਾਕੀ ਮਹਾਸੰਘ ਨੇ 18 ਤੋਂ 28 ਅਕਤੂਬਰ ਤੱਕ ਮਸਕਟ 'ਚ ਹੋਣ ਵਾਲੇ 6 ਦੇਸ਼ਾਂ ਦੇ ਪੰਜਵੇਂ ਪੁਰਸ਼ ਏਸ਼ੀਆਈ ਚੈਂਪੀਅਨਸ ਟਰਾਫੀ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਮੇਜ਼ਬਾਨ ਓਮਾਨ ਖਿਲਾਫ ਮੈਚ ਨਾਲ ਕਰੇਗਾ। ਟੂਰਨਾਮੈਂਟ 'ਚ ਚੈਂਪੀਅਨ ਭਾਰਤ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ ਅਤੇ ਓਮਾਨ ਹਿੱਸਾ ਲੈਣਗੇ।