ਨੰਬਰ ਚਾਰ ਐਰੋਨੀਅਨ ਨੂੰ ਹਰਾ ਕੇ ਹਰੀਕ੍ਰਿਸ਼ਨਾ ਚੋਟੀ ਉੱਤੇ

07/13/2017 5:37:57 PM

ਜੇਨੇਵਾ— ਭਾਰਤੀ ਗ੍ਰੈਂਡਮਾਸਟਰ ਪੇਂਟਲਾ ਹਰੀਕ੍ਰਿਸ਼ਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਮੇਨੀਆ ਦੇ ਗ੍ਰੈਂਡ ਮਾਸਟਰ ਲੇਵੋਨ ਐਰੋਨੀਅਨ ਨੂੰ ਜੇਨੇਵਾ ਫਿਡੇ ਗ੍ਰਾਂ ਪ੍ਰੀ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਰਾਊਂਡ ਵਿਚ ਹਰਾ ਦਿੱਤਾ ਹੈ ਅਤੇ ਸਕੋਰ ਬੋਰਡ ਵਿਚ ਸੰਯੁਕਤ ਤੌਰ ਉੱਤੇ ਸਿਖਰਲੇ ਸਥਾਨ 'ਤੇ ਪਹੁੰਚ ਗਏ ਹਨ। ਵਿਸ਼ਵ ਵਿਚ 22ਵੀਂ ਰੈਂਕਿੰਗ ਦੇ ਭਾਰਤੀ ਖਿਡਾਰੀ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਵਧੀਆ ਸ਼ੁਰੂਆਤ ਕੀਤੀ ਅਤੇ ਚੋਟੀ ਦਾ ਦਰਜਾ ਪ੍ਰਾਪਤ ਐਰੋਨੀਅਨ ਦੀ ਭੁੱਲਾਂ ਦਾ ਭਰਪੂਰ ਲਾਹਾ ਲੈਂਦੇ ਹੋਏ ਬਾਜ਼ੀ ਆਪਣੇ ਨਾਂ ਕੀਤੀ।

ਹਹੀਕ੍ਰਿਸ਼ਨਾ ਨੇ ਮੁਕਾਬਲੇ ਤੋਂ ਬਾਅਦ ਕਿਹਾ, ''ਪੂਰੇ ਮੁਕਾਬਲੇ ਦੇ ਦੌਰਾਨ ਸਖਤ ਸੰਘਰਸ਼ ਰਿਹਾ। ਐਰੋਨੀਅਨ ਇਕ ਮੁਸ਼ਕਲ ਮੁਕਾਬਲੇਬਾਜ਼ ਹੈ ਪਰ ਕੁਝ ਗਲਤ ਚਾਲਾਂ ਨੇ ਮੈਨੂੰ ਮੌਕਾ ਦੇ ਦਿੱਤਾ ਅਤੇ ਮੈਂ ਵੀ ਇਸ ਦਾ ਲਾਭ ਉਠਾਉਂਦੇ ਹੋਏ ਜਿੱਤ ਹਾਸਲ ਕੀਤੀ। ਹਰੀਕ੍ਰਿਸ਼ਨਾ ਨੇ 6 ਰਾਊਂਡ ਵਿਚ ਦੋ ਬਾਜ਼ੀ ਜਿੱਤੀਆਂ ਹਨ ਅਤੇ ਚਾਰ ਡਰਾਅ ਖੇਡੀਆਂ ਹਨ। ਉਨ੍ਹਾਂ ਦੇ ਕੁੱਲ 4 ਅੰਕ ਹਨ ਅਤੇ ਉਹ ਅਲੈਕਸਾਂਦਰ ਗ੍ਰਿਸ਼ਚੁਕ ਅਤੇ ਤੈਮੋਰ ਰਦਜਾਬੋਵ ਦੇ ਨਾਲ ਸੰਯੁਕਤ ਤੌਰ ਉੱਤੇ ਪਹਿਲੇ ਸਥਾਨ ਉੱਤੇ ਹਨ। ਹਰੀਕ੍ਰਿਸ਼ਨਾ ਸਤਵੇਂ ਰਾਊਂਡ ਵਿਚ ਰੂਸ ਦੇ ਗ੍ਰਿਸ਼ਚੁਕ ਨਾਲ ਭਿੜਨਗੇ। 31 ਸਾਲਾ ਹਰੀਕ੍ਰਿਸ਼ਨਾ ਨੇ ਕਿਹਾ, ''ਗ੍ਰਿਸ਼ਚੁੱਕ ਇਕ ਬਿਹਤਰੀਨ ਖਿਡਾਰੀ ਹਨ ਅਤੇ ਸ਼ਾਨਦਾਰ ਲੈਅ 'ਚ ਹਨ ਪਰ ਮੈਨੂੰ ਉਮੀਦ ਹੈ ਕਿ ਮੈਂ ਆਪਣੀ ਲੈਅ ਨੂੰ ਬਰਕਾਰ ਰਖਦੇ ਹੋਏ ਉਨ੍ਹਾਂ ਨੂੰ ਸਖਤ ਟੱਕਰ ਦਿਆਂਗਾ।''