ਸਪੀਡ ਚੈੱਸ ਸ਼ਤਰੰਜ : ਭਾਰਤ ਦੀ ਹਰਿਕਾ ਨੇ ਰੂਸ ਦੀ ਅਲੈਕਜ਼ੈਂਡਰਾ ਕੋਸਟੇਨਿਯੁਕ ਨੂੰ ਹਰਾਇਆ

06/18/2021 8:57:11 PM

ਨਵੀਂ ਦਿੱਲੀ— ਫ਼ੀਡੇ ਮਹਿਲਾ ਸਪੀਡ ਚੈੱਸ ਸ਼ਤਰੰਜ ਦੇ ਪ੍ਰੀ ਕੁਆਰਟਰ ਫ਼ਾਈਨਲ ਪਲੇਆਫ਼ ’ਚ ਭਾਰਤ ਦੀ ਗ੍ਰਾਂਡ ਮਾਸਟਰ ਹਰਿਕਾ ਦ੍ਰੋਣਾਵੱਲੀ ਨੇ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਕਜ਼ੈਂਡਰਾ ਕੋਸਟੇਨਿਯੁਕ ਨੂੰ ਬੇਹੱਦ ਸਖ਼ਤ ਮੁਕਾਬਲੇ ’ਚ ਹਰਾਉਂਦੇ ਹੋਏ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਦੋਵਾਂ ਵਿਚਾਲੇ ਕੁਲ 27 ਮੁਕਾਬਲੇ ਖੇਡੇ ਗਏ ਜਿਸ ’ਚ ਆਖ਼ਰ ’ਚ ਹਰਿਕਾ ਨੇ ਬੇਹੱਦ ਸਖ਼ਤ ਤੇ ਰੋਮਾਂਚਕ ਮੁਕਾਬਲੇ ’ਚ 14.5-12.5 ਨਾਲ ਜਿੱਤ ਹਾਸਲ ਕੀਤੀ। ਤਿੰਨ ਵੱਖ-ਵੱਖ ਫ਼ਾਰਮੈਟ ’ਚ ਖੇਡੇ ਗਏ ਇਨ੍ਹਾਂ ਮੁਕਾਬਲਿਆਂ ’ਚ ਕਦੀ ਕੋਸਟੇਨਿਯੁਕ ਤਾਂ ਕਦੀ ਹਰਿਕਾ ਅੱਗੇ ਨਿਕਲ ਰਹੀਆਂ ਸਨ।

ਸਭ ਤੋਂ ਪਹਿਲਾਂ 75 ਮਿੰਟ ਤਕ 5+1 ਮਿੰਟ ਪ੍ਰਤੀ ਖਿਡਾਰੀ ਦੇ ਮੁਕਾਬਲੇ ਖੇਡੇ ਗਏ ਜਿਸ ’ਚ ਕੁਲ 8 ਮੁਕਾਬਲਿਆਂ ਦੇ ਬਾਅਦ ਕੋਸਟੇਨਿਯੁਕ 3 ਜਿੱਤ ਤੇ 5 ਡਰਾਅ ਨਾਲ 5.5-2.5 ਨਾਲ ਤਿੰਨ ਦੀ ਮਜ਼ਬੂਤ ਬੜ੍ਹਤ ਬਣਾ ਚੁੱਕੀ ਸੀ ਤੇ ਹਰਿਕਾ ਦੇ ਲਈ ਮੈਚ ਮੁਸ਼ਕਲ ਹੁੰਦਾ ਜਾ ਰਿਹਾ ਸੀ ਪਰ ਇਸ ਤੋਂ ਬਾਅਦ 45 ਮਿੰਟ ਤਕ 3+1 ਮਿੰਟ ਦੇ 7 ਮੁਕਾਬਲੇ ਖੇਡੇ ਗਏ ਤੇ ਇਹ ਹਰਿਕਾ ਲਈ ਵਾਪਸੀ ਦੇ ਕਾਰਨ ਬਣੇ। ਹਰਿਕਾ ਨੇ 7 ਮੈਚਾਂ ’ਚ 5 ਜਿੱਤ, 1 ਡਰਾਅ ਤੇ 1 ਹਾਰ ਨਾਲ ਸ਼ਾਨਦਾਰ ਵਾਪਸੀ ਕੀਤੀ ਤੇ 8-7 ਨਾਲ ਅੱਗੇ ਹੋ ਗਈ।

ਹੁਣ ਸਾਰਿਆਂ ਦਾ ਧਿਆਨ 25 ਮਿੰਟ ਤਕ 1+1 ਮਿੰਟ ਦੇ ਮੁਕਾਬਲਿਆਂ’ ’ਤੇ ਸੀ ਤੇ ਇਸ ਦੌਰਾਨ ਕੁਲ 12 ਬੁਲੇਟ ਮੁਕਾਬਲੇ ਖੇਡੇ ਗਏ ਜਿਸ ’ਚ 7.5-4.5 ਨਾਲ ਹਰਿਕਾ ਨੇ ਇਕ ਵਾਰ ਫਿਰ ਤੋਂ ਚੰਗਾ ਖੇਡ ਦਿਖਾਇਆ ਤੇ ਕੁਲ 14.5-12.5 ਨਾਲ ਮੈਚ ਜਿੱਤ ਕੇ ਆਖ਼ਰੀ 8 ’ਚ ਪ੍ਰਵੇਸ਼ ਕੀਤਾ।

Tarsem Singh

This news is Content Editor Tarsem Singh