ਪੰਡਯਾ, ਰਾਹੁਲ ਦੇ ਕਰੀਅਰ ਦਾਅ 'ਤੇ ਲਗਾ ਕੇ ਉੱਡੀ ਕਰਨ ਜੌਹਰ ਦੀਆਂ ਰਾਤਾਂ ਦੀ ਨੀਂਦ!

01/23/2019 5:04:55 PM

ਨਵੀਂ ਦਿੱਲੀ— ਹਾਲ ਦੇ ਦਿਨਾਂ 'ਚ ਭਾਰਤੀ ਕ੍ਰਿਕਟ ਦੇ ਸਭ ਤੋਂ ਵੱਡੇ ਵਿਵਾਦ ਭਾਵ ਕੌਫੀ ਵਿਦ ਕਰਨ ਟੀ.ਵੀ. ਸ਼ੋਅ 'ਚ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਦੀ ਮੌਜੂਦਗੀ ਅਤੇ ਉਨ੍ਹਾਂ ਦੀ ਬਿਆਨਬਾਜ਼ੀ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਕਰੀਅਰ ਨੂੰ ਖਤਰੇ 'ਚ ਪਾ ਦਿੱਤਾ ਹੈ। ਆਪਣੇ ਸ਼ੋਅ 'ਚ ਆਉਣ 'ਤੇ ਮੁਸ਼ਕਲ 'ਚ ਫਸੇ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਹਾਲਾਤ ਦੇਖ ਕੇ ਇਸ ਪੂਰੇ ਵਿਵਾਦ ਦੇ ਜਨਮਦਾਤਾ ਭਾਵ ਇਸ ਸ਼ੋਅ ਦੇ ਹੋਸਟ ਅਤੇ ਫਿਲਮ ਮੇਕਰ ਕਰਨ ਜੌਹਰ ਦੀਆਂ ਰਾਤਾਂ ਦੀ ਨੀਂਦ ਉੱਡੀ ਹੋਈ ਹੈ। 

ਇਸ ਪੂਰੇ ਵਿਵਾਦ 'ਤੇ ਪਹਿਲੀ ਵਾਰ ਗੱਲ ਕਰਦੇ ਹੋਏ ਕਰਨ ਜੌਹਰ ਨੇ ਇਕ ਬਿਜ਼ਨੈਸ ਚੈਨਲ ਈ.ਟੀ. ਨਾਊ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ 'ਚ ਉਹ ਖੁਦ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਇਸ ਪੂਰੇ ਮਸਲੇ 'ਤੇ ਖ਼ੁਦ ਨੂੰ ਜ਼ਿੰਮੇਵਾਰ ਸਮਝਦਾ ਹਾਂ। ਇਹ ਮੇਰਾ ਸ਼ੋਅ ਸੀ ਅਤੇ ਉਹ ਦੋਵੇਂ ਕ੍ਰਿਕਟਰ ਮੇਰੇ ਪਲੈਟਫਾਰਮ 'ਤੇ ਮੇਰੇ ਮਹਿਮਾਨ ਸੀ। ਲਿਹਾਜ਼ਾ ਇਸ ਪੂਰੀ ਘਟਨਾ ਦੇ ਜੋ ਨਤੀਜੇ ਨਿਕਲੇ ਹਨ ਉਹ ਮੇਰੀ ਜ਼ਿੰਮੇਵਾਰੀ ਹੈ।

ਕਰਨ ਜੌਹਰ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕੁਝ ਹੋਇਆ ਉਸ ਨਾਲ ਮੇਰੀ ਰਾਤਾਂ ਦੀ ਨੀਂਦ ਉਡ ਗਈ ਹੈ। ਕਈ ਰਾਤਾਂ ਮੈਂ ਇਹ ਸੋਚ ਕੇ ਨਹੀਂ ਸੌਂ ਸਕਿਆ ਕਿ ਕਾਸ਼, ਜੋ ਵੀ ਹੋਇਆ ਉਸ ਨੂੰ ਵੀ ਪਲਟਾ ਦਵਾਂ, ਪਰ ਹੁਣ ਚੀਜ਼ਾਂ ਮੇਰੇ ਹੱਥਾਂ ਤੋਂ ਬਾਹਰ ਨਿਕਲ ਗਈਆਂ ਹਨ। ਆਪਣਾ ਬਚਾਅ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੋਹਾਂ ਕ੍ਰਿਕਟਰਾਂ ਤੋਂ ਉਨ੍ਹਾਂ ਨੇ ਜੋ ਵੀ ਸਵਾਲ ਪੁੱਛੇ ਉਸ ਤਰ੍ਹਾਂ ਦੇ ਸਵਾਲ ਤਾਂ ਉਹ ਆਪਣੇ ਹਰ ਮਹਿਮਾਨ ਤੋਂ ਪੁੱਛਦੇ ਹਨ। ਕੁਝ ਅਜਿਹੇ ਹੀ ਸਵਾਲ ਉਨ੍ਹਾਂ ਨੇ ਦੀਪਿਕਾ ਪਾਦੁਕੋਣ ਅਤੇ ਆਲੀਆ ਭੱਟ ਨੂੰ ਵੀ ਪੁੱਛੇ ਸਨ। ਜ਼ਿਕਰਯੋਗ ਹੈ ਕਿ ਇਸ ਸ਼ੋਅ 'ਤੇ ਮਹਿਲਾਵਾਂ ਦੇ ਖਿਲਾਫ ਵਿਵਾਦਪੂਰਨ ਬਿਆਨਬਾਜ਼ੀ ਕਰਨ ਵਾਲੇ ਪੰਡਯਾ ਦੇ ਨਾਲ-ਨਾਲ ਕੇ.ਐੱਲ. ਰਾਹੁਲ ਨੂੰ ਵੀ ਬੀ.ਸੀ.ਸੀ.ਆਈ. ਨੇ ਸਸਪੈਂਡ ਕਰ ਦਿੱਤਾ ਹੈ।

Tarsem Singh

This news is Content Editor Tarsem Singh