ਹਰਭਜਨ ਸਿੰਘ ਨੇ ਵਿਦੇਸ਼ੀ ਲੀਗ ਖੇਡਣ ਤੋਂ ਕੀਤਾ ਮਨ੍ਹਾ, ਜਾਣੋ ਕੀ ਹੈ ਵਜ੍ਹਾ

10/05/2019 11:49:55 AM

ਸਪੋਰਟਸ ਡੈਸਕ— ਭਾਰਤ ਦੇ ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਣਗੇ ਅਤੇ ਬ੍ਰਿਟੇਨ 'ਚ ਹੋਣ ਵਾਲੀ 'ਦਿ ਹੰਡ੍ਰੇਡ ਲੀਗ' 'ਚ ਖਿਡਾਰੀਆਂ ਦੇ ਡਰਾਫਟ 'ਚੋਂ ਆਪਣਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।


ਚੇਨਈ ਸੁਪਰ ਕਿੰਗਜ਼ ਲਈ ਖੇਡਣਗੇ ਭੱਜੀ
ਹਰਭਜਨ ਸਿੰਘ ਦਾ ਨਾਂ ਖਿਡਾਰੀਆਂ ਦੇ ਡਰਾਫਟ 'ਚ ਸ਼ਾਮਲ ਸੀ, ਜਿਨ੍ਹਾਂ ਦੀ ਬੇਸ ਪ੍ਰਾਈਸ 1 ਲੱਖ ਪੌਂਡ ਸੀ। ਬੀ. ਸੀ. ਸੀ. ਆਈ. ਹਾਲਾਂਕਿ ਆਪਣੇ ਸਰਗਰਮ ਕ੍ਰਿਕਟਰਾਂ ਨੂੰ ਰਿਟਾਇਰਮੈਂਟ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਅਜਿਹੀ ਲੀਗ 'ਚ ਖੇਡਣ ਦੀ ਮਨਜ਼ੂਰੀ ਨਹੀਂ ਦਿੰਦੀ ਹੈ। ਹਰਭਜਨ ਨੇ ਕਿਹਾ, 'ਮੇਰੇ ਲਈ ਆਈ. ਪੀ. ਐੱਲ. ਅਤੇ ਚੇਨਈ ਸੁਪਰ ਕਿੰਗਜ਼ ਨੂੰ ਤਰਜੀਹ ਹੈ। ਚੇਨਈ ਨਾਲ ਪਿਛਲੇ ਦੋ ਸੀਜ਼ਨ ਚੰਗੇ ਰਹੇ ਅਤੇ ਅਸੀਂ ਦੋਨ੍ਹਾਂ ਵਾਰ ਫਾਈਨਲ 'ਚ ਪੁੱਜੇ ਹਾਂ। ਹੁਣ ਨਜ਼ਰ ਅਗਲੇ ਸੀਜ਼ਨ 'ਤੇ ਹੈ।'

ਉਨ੍ਹਾਂ ਕਿਹਾ, 'ਮੈਂ ਬੀ. ਸੀ. ਸੀ. ਆਈ. ਦੇ ਨਿਯਮਾਂ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਕਦੇ ਵੀ ਕਿਸੇ ਨਿਯਮ ਨੂੰ ਨਹੀਂ ਤੋੜਾਂਗਾ। ਇਸ ਦੇ ਲਈ ਡਰਾਫਟ 'ਚੋਂ ਆਪਣਾ ਨਾਂ ਵਾਪਸ ਲੈਣਾ ਪਵੇ ਤਾਂ ਮੈਂ ਲਵਾਗਾਂ।' ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸੌ ਗੇਂਦਾਂ ਦਾ ਫਾਰਮੈਟ ਆਕਰਸ਼ਕ ਹੈ, ਭਾਵੇਂ ਉਹ ਫਿਲਹਾਲ ਇਸ 'ਚ ਨਹੀਂ ਖੇਡ ਸਕਣਗੇ। ਹਰਭਜਨ ਨੇ ਕਿਹਾ, 'ਮੈਂ ਕੋਈ ਨਿਯਮ ਨਹੀਂ ਤੋੜਨਾ ਚਾਹੁੰਦਾ ਪਰ ਇਹ ਫਾਰਮੈਟ ਦਿਲਚਸਪ ਹੈ। ਜਦ ਵੀ ਨਿਯਮ ਇਸ ਦੀ ਮਨਜ਼ੂਰੀ ਦੇਵੇਗਾ ਤਾਂ ਮੈਂ ਇਸ ਦਾ ਹਿੱਸਾ ਜਰੂਰ ਬਣਾਂਗਾ।'

ਬੀ. ਸੀ. ਸੀ. ਆਈ ਦਾ ਸਖਤ ਨਿਯਮ
ਬੀ. ਸੀ. ਸੀ. ਆਈ. ਦੇ ਨਿਯਮ ਦੇ ਤਹਿਤ ਕੋਈ ਵੀ ਭਾਰਤੀ ਕ੍ਰਿਕਟਰ ਆਈ. ਪੀ. ਐੱਲ. ਤੋਂ ਇਲਾਵਾ ਕਿਸੇ ਵੀ ਹੋਰ ਵਿਦੇਸ਼ੀ ਲੀਗ 'ਚ ਹਿੱਸਾ ਨਹੀਂ ਲੈ ਸਕਦਾ। ਕੋਈ ਵੀ ਖਿਡਾਰੀ ਵਿਦੇਸ਼ੀ ਲੀਗ ਤਦ ਤੱਕ ਨਹੀਂ ਖੇਡ ਸਕਦਾ ਜਦ ਤੱਕ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਨਾ ਲੈ ਲਿਆ ਹੋਵੇ। ਹਾਲ ਹੀ 'ਚ ਯੁਵਰਾਜ ਸਿੰਘ ਦੇ ਮਾਮਲੇ 'ਚ ਅਜਿਹਾ ਹੀ ਹੋਇਆ ਸੀ, ਜਿਨ੍ਹਾਂ ਨੇ ਕੈਨੇਡਾ ਗਲੋਬਲ ਟੀ 20 ਲੀਗ 'ਚ ਖੇਡਣ ਲਈ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਇਰਫਾਨ ਪਠਾਨ ਦੇ ਵੀ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਖੇਡਣ ਦੀ ਖਬਰ ਸਾਹਮਣੇ ਆਈ ਸੀ ਪਰ ਬਾਅਦ 'ਚ ਬੀ. ਸੀ. ਸੀ. ਆਈ. ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਨਾ ਵਾਪਸ ਲੈ ਲਿਆ ਸੀ।