B'Day Spcl : ਜੇਕਰ ਪਰਿਵਾਰ ਨਾ ਲੈਂਦਾ ਇਹ ਵੱਡਾ ਫੈਸਲਾ ਤਾਂ ਪਾਕਿ ਵੱਲੋਂ ਕ੍ਰਿਕਟ ਖੇਡਦੇ ਦਿਸਦੇ ਕੋਹਲੀ

11/05/2019 4:59:20 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਗਿਣਤੀ ਵਰਲਡ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿਚ ਹੁੰਦੀ ਹੈ। 'ਰਨ ਮਸ਼ੀਨ' ਦੇ ਨਾਂ ਨਾਲ ਮਸ਼ਹੂਰ ਵਿਰਾਟ ਕੋਹਲੀ ਨੇ ਵਰਲਡ ਕ੍ਰਿਕਟ ਵਿਚ ਆਪਣੀ ਵੱਖ ਪਛਾਣ ਛੱਡੀ ਹੈ ਅਤੇ ਰੋਜ਼ਾਨਾ ਉਹ ਇਸ ਵੱਲ ਹੋਰ ਤੇਜ਼ੀ ਨਾਲ ਵੱਧ ਰਹੇ ਹਨ। ਕੋਹਲੀ ਅੱਜ 31ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਕਟ ਦੀ ਦੁਨੀਆ ਵਿਚ ਆਪਣੀ ਖੇਡ ਨਾਲ ਰਿਕਾਰਡਜ਼ ਦੀ ਬਰਸਾਤ ਕਰਨ ਵਾਲੇ ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਕਦਮ ਰੱਖਣ ਦੇ ਬਾਅਦ ਤੋਂ ਹੀ ਲਗਾਤਾਰ ਕਮਾਲ ਕਰ ਰਹੇ ਹਨ। ਦੱਸ ਦਈਏ ਕਿ 1947 ਦੀ ਵੰਡ ਦੌਰਾਨ ਵਿਰਾਟ ਕੋਹਲੀ ਦਾ ਪਰਿਵਾਰ ਪਾਕਿਸਤਾਨ ਤੋਂ ਹੀ ਆਇਆ ਸੀ। ਅਸੀਂ ਕਹਿ ਸਕਦੇ ਹਾਂ ਕਿ ਜੇਕਰ ਵਿਰਾਟ ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਉਸ ਦੌਰਾਨ ਭਾਰਤ ਵਿਚ ਆਉਣ ਦਾ ਨਾ ਫੈਸਲਾ ਲੈਂਦੇ ਤਾਂ ਕੋਹਲੀ ਅੱਜ ਭਾਰਤ ਖਿਲਾਫ ਮੈਦਾਨ ਵਿਚ ਦਿਸ ਸਕਦੇ ਸੀ। 15 ਅਗਸਤ 1947 ਤੋਂ ਬਾਅਦ ਕਈ ਖਿਡਾਰੀ ਇਕ-ਦੂਜੇ ਦੇ ਵਿਰੋਧੀ ਬਣ ਕੇ ਮੈਦਾਨ ਵਿਚ ਉਤਰਨ ਲੱਗੇ ਸੀ। ਇਨ੍ਹਾਂ ਵਿਚੋਂ ਇਕ ਨਾਂ ਵਿਰਾਟ ਕੋਹਲੀ ਦਾ ਵੀ ਹੋ ਸਕਦਾ ਸੀ।

ਕੋਹਲੀ ਦੇ ਪਰਿਵਾਰ ਨੇ ਝੱਲਿਆ ਵੰਡ ਦਾ ਦਰਦ

ਵਿਰਾਟ ਕੋਹਲੀ ਦੇ ਪਰਿਵਾਰ ਨੇ ਵੀ 1947 ਵਿਚ ਹੋਈ ਵੰਡ ਦਾ ਦਰਦ ਝੱਲਿਆ ਸੀ। ਸਾਲ 1947 ਵਿਚ ਵੰਡ ਸਮੇਂ ਕੋਹਲੀ ਦਾ ਪਰਿਵਾਰ ਪਾਕਿਸਤਾਨ ਤੋਂ ਮੱਧ ਪ੍ਰਦੇਸ਼ ਦੇ ਕਟਨੀ ਸ਼ਹਿਰ ਆ ਗਿਆ ਸੀ। ਅਗਲੇ 14 ਸਾਲ ਇੱਥੇ ਰਹਿਣ ਤੋਂ ਬਾਅਦ ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਨੇ ਦਿੱਲੀ ਸ਼ਿਫਟ ਹੋਣ ਦੀ ਸੋਚੀ ਜਦਕਿ ਉਨ੍ਹਾਂ ਦੇ ਭਰਾ ਅਤੇ ਭਾਬੀ ਮੱਧ ਪ੍ਰਦੇਸ਼ ਵਿਚ ਹੀ ਰਹਿਣ ਲੱਗੇ। ਦਿੱਲੀ ਵਿਚ ਹੀ ਵਿਰਾਟ ਦਾ ਜਨਮ ਹੋਇਆ। ਕੋਹਲੀ ਆਖਰੀ ਵਾਰ ਆਪਣੇ ਚਾਚਾ-ਚਾਚੀ ਨਾਲ ਮਿਲਣ ਕਟਨੀ ਸ਼ਹਿਰ ਵਿਚ ਸਾਲ 2005 ਵਿਚ ਹੀ ਗਏ ਸੀ। ਇਸ ਤੋਂ ਬਾਅਦ ਲਗਾਤਾਰ ਕ੍ਰਿਕਟ ਖੇਡਣ ਅਤੇ ਆਪਣੇ ਰੁੱਝੇ ਕਾਰਜਕ੍ਰਮ ਕਾਰਨ ਉਹ ਦੋਬਾਰਾ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਜਾ ਸਕੇ।

ਭਤੀਜੇ ਨੇ ਕ੍ਰਿਕਟ ਅਤੇ ਚਾਚੀ ਨੇ ਰਾਜਨੀਤੀ 'ਚ ਜਮਾਇਆ ਆਪਣਾ ਸਿੱਕਾ

ਦਿੱਲੀ ਵਿਚ ਆਉਣ ਤੋਂ ਬਾਅਦ ਕੋਹਲੀ ਦੇ ਪਿਤਾ ਨੇ ਇੱਥੇ ਹੀ ਆਪਣਾ ਕਾਰੋਬਾਰ ਜਮਾਇਆ। ਜਿੱਥੇ ਵਿਰਾਟ ਨੇ ਕ੍ਰਿਕਟ ਵਿਚ ਆਪਣਾ ਨਾਂ ਵਧਾਇਆ ਤਾਂ ਉੱਥੇ ਹੀ ਉਸ ਦੇ ਚਾਚਾ-ਚਾਚੀ ਨੇ ਕਟਨੀ ਸ਼ਹਿਰ ਵਿਖੇ ਰਾਜਨੀਤੀ ਵਿਚ ਆਪਣਾ ਸਿੱਕਾ ਜਮਾਇਆ। ਕਟਨੀ ਸ਼ਹਿਰ ਵਿਚ ਰਹਿਣ ਵਾਲੀ ਉਸ ਦੀ ਚਾਚੀ ਆਸ਼ਾ ਕੋਹਲੀ ਇਸ ਸ਼ਹਿਰ ਦੀ ਮੇਅਰ ਚੁਣੀ ਗਈ। ਚਾਚਾ ਗਿਰੀਸ਼ ਕੋਹਲੀ ਅਤੇ ਚਾਚੀ ਆਸ਼ਾ ਕੋਹਲੀ ਅਜੇ ਵੀ ਕਟਨੀ ਵਿਚ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦਾ ਭਤੀਜਾ ਦੇਸ਼ ਲਈ ਕ੍ਰਿਕਟ ਖੇਡਦਾ ਹੈ ਅਤੇ ਪੂਰੀ ਦੁਨੀਆ ਵਿਚ ਭਾਰਤ ਦਾ ਮਾਣ ਵਧਾ ਰਿਹਾ ਹੈ।