ਟੀ20 ''ਚ ਸ਼ਾਨਦਾਰ ਪ੍ਰਦਰਸ਼ਨ ਕਰ ਹਾਫਿਜ਼ ਨੂੰ ਰੈਂਕਿੰਗ ''ਚ ਹੋਇਆ ਫਾਇਦਾ

09/03/2020 2:44:07 AM

ਦੁਬਈ- ਪਾਕਿਸਤਾਨ ਦੇ ਮਿਡਲ ਆਰਡਰ ਬੱਲੇਬਾਜ਼ ਮੁਹੰਮਦ ਹਾਫਿਜ਼ ਨੂੰ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਫਾਇਦਾ ਰੈਂਕਿੰਗ 'ਚ ਮਿਲਿਆ ਹੈ। ਉਸ ਤੋਂ ਇਲਾਵਾ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਟਾਮ ਬੈਂਟਨ ਨੇ ਆਈ. ਸੀ. ਸੀ. ਵਲੋਂ ਜਾਰੀ ਤਾਜ਼ਾ ਟੀ-20 ਰੈਂਕਿੰਗ 'ਚ ਬੜ੍ਹਤ ਹਾਸਲ ਕੀਤੀ ਹੈ। ਪਾਕਿਸਤਾਨ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਬਾਬਰ ਆਜ਼ਮ ਪਹਿਲੇ ਸਥਾਨ 'ਤੇ ਕਾਇਮ ਹੈ। ਭਾਰਤ ਦੇ ਲੋਕੇਸ਼ ਰਾਹੁਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਤੇ ਇੰਗਲੈਂਡ ਦੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰੀ 'ਤੇ ਖਤਮ ਹੋਈ। ਹਾਫਿਜ਼ ਨੇ ਇਸ ਸੀਰੀਜ਼ 'ਚ ਇਕਪਾਸੜ ਪ੍ਰਦਰਸ਼ਨ ਕੀਤਾ ਤੇ ਉਹ 'ਮੈਨ ਆਫ ਦਿ ਸੀਰੀਜ਼' ਚੁਣੇ ਗਏ। ਹਾਫਿਜ਼ 68ਵੇਂ ਸਥਾਨ ਤੋਂ ਅੱਗੇ ਵਧਦੇ ਹੋਏ 44ਵੇਂ ਸਥਾਨ 'ਤੇ ਆ ਗਏ ਹਨ।


ਇਸ ਸੀਰੀਜ਼ 'ਚ 137 ਦੌੜਾਂ ਬਣਾਉਣ ਵਾਲੇ ਬੈਂਟਨ 152 ਸਥਾਨ ਦੇ ਫਾਇਦੇ ਨਾਲ 43ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੌਰਾਨ ਇੰਗਲੈਂਡ ਦੇ ਇਕ ਹੋਰ ਬੱਲੇਬਾਜ਼ ਡੇਵਿਡ ਮਲਾਨ ਵੀ ਟਾਪ-5 'ਚ ਵਾਪਸੀ ਕਰਨ 'ਚ ਸਫਲ ਰਹੇ। ਹਾਫਿਜ਼ ਨੇ ਇਸ ਸੀਰੀਜ਼ 'ਚ 155 ਦੌੜਾਂ ਬਣਾਈਆਂ। ਜਾਨੀ ਬੇਅਰਸਟੋ ਵੀ ਇਕ ਸਥਾਨ ਅੱਗੇ ਵੱਧਦੇ ਹੋਏ 22ਵੇਂ ਸਥਾਨ 'ਤੇ ਆ ਗਏ ਹਨ। ਪਾਕਿਸਤਾਨ ਦੇ ਲੈੱਗ ਸਪਿਨਰ ਸ਼ਾਦਾਬ ਖਾਨ ਨੂੰ ਵੀ ਗੇਂਦਬਾਜ਼ੀ ਦੀ ਰੈਂਕਿੰਗ ਦਾ ਫਾਇਦਾ ਹੋਇਆ ਹੈ। ਸ਼ਾਦਾਬ ਇਕ ਸਥਾਨ ਅੱਗੇ ਵਧਦੇ ਹੋਏ 8ਵੇਂ ਸਥਾਨ 'ਤੇ ਆ ਗਏ ਹਨ। ਕਰਨ ਨੂੰ 7 ਤੇ ਸ਼ਾਹੀਨ ਨੂੰ 14 ਸਥਾਨ ਦਾ ਫਾਇਦਾ ਹੋਇਆ ਹੈ।

Gurdeep Singh

This news is Content Editor Gurdeep Singh