ਭਾਰਤੀ ਟੀਮ ਦਾ ਗੱਬਰ ਹੈ ਗੁਰਦਾਸ ਮਾਨ ਦਾ ਮੁਰੀਦ, ਸੁਣਦਾ ਹੈ ਸੂਫੀ ਸੰਗੀਤ

06/12/2017 5:49:03 PM

ਮੁੰਬਈ— ਭਾਰਤੀ ਟੀਮ ਦਾ ਗੱਬਰ ਕਹੇ ਜਾਣ ਵਾਲੇ ਬੱਲੇਬਾਜ਼ ਸ਼ਿਖਰ ਧਵਨ ਕ੍ਰਿਕਟ ਤੋਂ ਇਲਾਵਾ ਸੂਫੀ ਗੀਤਾਂ ਨੂੰ ਸੁਣਨਾ ਵੀ ਬਹੁਤ ਪਸੰਦ ਕਰਦਾ ਹੈ। ਇੰਗਲੈਂਡ 'ਚ ਚੱਲ ਰਹੀ ਚੈਂਪੀਅਨਸ ਟਰਾਫੀ 'ਚ ਵੀ ਉਹ ਆਪਣੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਵਧੀਆ ਕਰ ਰਿਹਾ ਹੈ। ਸ਼ਾਨਦਾਰ ਫਾਰਮ 'ਚ ਚੱਲ ਰਹੇ ਧਵਨ ਨੇ ਹਾਸਰਸ ਕਲਾਕਾਰ ਵਿਕਰਮ ਸਾਠਯੇ ਦੇ ਚੈਟ ਸ਼ੋਅ 'ਵਾਟ ਦਿ ਡਕ' 'ਤੇ ਆਪਣੇ ਕਰੀਅਰ ਦੇ ਦਿਲਚਸਪ ਪਲਾਂ ਨੂੰ ਸਾਂਝਾ ਕੀਤਾ ਹੈ।
ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਨਾਕਾਮਯਾਬੀਆਂ ਤੋਂ ਪਾਰ ਜਾਣ ਲਈ ਰੂਹਾਨੀਅਤ ਅਤੇ ਆਤਮਵਿਸ਼ਵਾਸ ਦਾ ਸਹਾਰਾ ਲੈਂਦਾ ਹੈ। ਸੂਫੀ ਸੰਗੀਤ ਦੇ ਦੀਵਾਨੇ ਧਵਨ ਨੇ ਕਿਹਾ ਕਿ ਮੈਂ 21 ਸਾਲ ਦੀ ਉਮਰ ਤੋਂ ਸੂਫੀ ਸੰਗੀਤ ਸੁਣ ਰਿਹਾ ਹਾਂ। ਮੈਨੂੰ ਗਜ਼ਲਾਂ ਸੁਣਨੀਆਂ ਬਹੁਤ ਪਸੰਦ ਹਨ ਚਾਹੇ ਉਹ ਜਗਜੀਤ ਸਿੰਘ ਦੀਆਂ ਹੋਣ ਜਾਂ ਗੁਲਾਮ ਅਲੀ ਦੀਆਂ। ਉਨ੍ਹਾਂ ਨੇ ਪੰਜਾਬੀਆਂ ਦੇ ਮਾਣ ਗੁਰਦਾਸ ਬਾਰੇ ਕਿਹਾ ਕਿ ਉਹ ਮਾਣ ਸਾਬ ਦਾ ਮੁਰੀਦ ਹੈ ਅਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਉਹ ਬਹੁਤ ਪਸੰਦ ਕਰਦਾ ਹੈ। ਉਸ ਨੇ ਦੱਸਿਆ ਕਿ ਮਾਣ ਸਾਬ ਦਾ ਇਕ ਗੀਤ 'ਮਾਵਾਂ ਠੰਡੀਆਂ ਛਾਵਾਂ' ਕਾਫੀ ਪ੍ਰੇਰਣਾਦਾਇਕ ਹੈ, ਜੋ ਮੇਰੇ ਦਿਲ ਦੇ ਕਾਫੀ ਕਰੀਬ ਹੈ। ਦੱਸ ਦਈਏ ਕਿ ਧਵਨ ਦਾ ਇਹ ਸ਼ੋਅ ਵੀਡੀਓ ਆਨ ਡਿਮਾਂਡ ਸੇਵਾ ਵਿਊ 'ਤੇ ਪ੍ਰਸਾਰਿਤ ਹੋਵੇਗਾ।