ਸੁਪਰ ਓਵਰ ''ਚ ਮੁੰਬਈ ਨੇ ਗੁਜਰਾਤ ਨੂੰ ਹਰਾਇਆ

04/30/2017 1:42:50 AM

ਰਾਜਕੋਟ-ਮੁੰਬਈ ਨੇ ਦਿਲਚਸਪ ਮੌੜ ''ਤੇ ਪਹੁੰਚੇ ਮੈਚ ਵਿਚ ਗੁਜਰਾਤ ਨੂੰ ਸੁਪਰ ਓਵਰ ਵਿਚ 5 ਦੌੜਾਂ ਨਾਲ ਹਰਾ ਕੇ ਪਲੇਆਫ ਵੱਲ ਮਜ਼ਬੂਤ ਕਦਮ ਵਧਾ ਲਏ ਹਨ।

ਪਹਿਲੇ ਟਾਈ ਮੁਕਾਬਲੇ ਦੇ ਸੁਪਰ ਓਵਰ ਵਿਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਜੋਸ ਬਟਲਰ (01) ਅਤੇ ਕੀਰੋਨ ਪੋਲਾਰਡ (10) ਬੱਲੇਬਾਜ਼ੀ ਲਈ ਉਤਰੇ, ਜਦਕਿ ਗੇਂਦ ਫਾਲਕਨਰ ਨੇ ਫੜੀ। ਬਟਲਰ ਨੇ ਪਹਿਲੀ ਗੇਂਦ ''ਤੇ ਇਕ ਦੌੜ ਬਣਾਈ, ਜਦੋਂਕਿ ਪੋਲਾਰਡ ਨੇ ਦੂਸਰੀ ਗੇਂਦ ''ਤੇ ਚੌਕਾ ਮਾਰਿਆ ਅਤੇ ਅਗਲੀ ਗੇਂਦ ''ਤੇ ਛੱਕਾ ਜੜ ਦਿੱਤਾ। ਪੋਲਾਰਡ ਹਾਲਾਂਕਿ ਅਗਲੀ ਗੇਂਦ ''ਤੇ ਲਾਗ ਆਨ ''ਤੇ ਬ੍ਰੈਂਡਨ ਮੈਕਕੁਲਮ ਨੂੰ ਕੈਚ ਫੜਾ ਬੈਠਾ। ਬਟਲਰ ਵੀ ਅਗਲੀ ਗੇਂਦ ''ਤੇ ਇਸ਼ਾਨ ਕਿਸ਼ਨ ਦੇ ਹੱਥੋਂ ਕੈਚ ਹੋ ਗਿਆ, ਜਿਸ ਨਾਲ ਗੁਜਰਾਤ ਨੂੰ 12 ਦੌੜਾਂ ਦਾ ਟੀਚਾ ਮਿਲਿਆ। 

ਗੁਜਰਾਤ ਦੀ ਟੀਮ ਇਸਦੇ ਜਵਾਬ ਵਿਚ 6 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਬ੍ਰੈਂਡਨ ਮੈਕਕੁਲਮ (01) ਅਤੇ ਆਰੋਨ ਫਿੰਚ (01) ਨੇ ਕੀਤੀ, ਜਦਕਿ ਗੇਂਦਬਾਜ਼ੀ ਲਈ ਜਸਪ੍ਰੀਤ ਬੁਮਰਾਹ ਉਤਰਿਆ। ਉਸਨੇ ਪਹਿਲੀ ਹੀ ਗੇਂਦ ਨੋ ਬਾਲ ਸੁੱਟੀ। ਬੁਮਰਾਹ ਨੇ ਅਗਲੀ ਗੇਂਦ ਵਾਈਡ ਕਰ ਦਿੱਤੀ। ਤੀਸਰੀ ਗੇਂਦ ''ਤੇ ਬਾਈ ਦੀ ਇਕ ਦੌੜ ਬਣੀ, ਜਦਕਿ ਚੌਥੀ ਗੇਂਦ ਖਾਲੀ ਗਈ। 5ਵੀਂ ਗੇਂਦ ''ਤੇ ਫਿੰਚ ਇਕ ਹੀ ਦੌੜ ਬਣਾ ਸਕਿਆ। ਲਾਇਨਜ਼ ਨੂੰ ਆਖਰੀ ਗੇਂਦ ''ਤੇ 7 ਦੌੜਾਂ ਦੀ ਜ਼ਰੂਰਤ ਸੀ ਪਰ ਮੈਕਕੁਲਮ 1 ਹੀ ਦੌੜ ਬਣਾ ਸਕਿਆ।

ਇਸ ਤੋਂ ਪਹਿਲਾਂ ਗੁਜਰਾਤ ਦੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਦੀ ਟੀਮ ਪਾਰਥਿਵ ਪਲੇਟ (70) ਅਤੇ ਕੁਣਾਲ ਪਾਂਡਯਾ (29) ਦੀਆਂ ਪਾਰੀਆਂ ਦੇ ਬਾਵਜੂਦ 20 ਓਵਰਾਂ ਵਿਚ 153 ਦੌੜਾਂ ''ਤੇ ਢੇਰ ਹੋ ਗਈ, ਜਿਸ ਨਾਲ ਮੈਚ ਟਾਈ ਹੋ ਗਿਆ।