ਗੋਲਫ ਮਰਸੀਡੀਸ : ਅਮਿਤ ਲੂਥਰਾ ਅਤੇ ਸ਼ੇਖਰ ਅਗਰਵਾਲ ਨੇ ਕੀਤਾ ਕੁਆਲੀਫਾਈ

02/28/2018 12:02:33 PM

ਗੁਰੂਗ੍ਰਾਮ, (ਬਿਊਰੋ)— ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਗੋਲਫਰ ਅਮਿਤ ਲੂਥਰਾ ਅਤੇ ਸ਼ੇਖਰ ਅਗਰਵਾਲ ਨੇ ਮਰਸੀਡੀਸ ਟਰਾਫੀ ਦੇ ਰਾਸ਼ਟਰੀ ਫਾਈਨਲਸ ਦੇ ਲਈ ਕੁਆਲੀਫਾਈ ਕੀਤਾ ਹੈ। ਕਲਾਸਿਕ ਗੋਲਫ ਐਂਡ ਕੰਟਰੀ ਰਿਸੋਰਟ 'ਚ ਕੁਆਲੀਫਾਇਰ 'ਚ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਅਤੇ ਅਰਜੁਨ ਐਵਾਰਡੀ ਲੂਥਰਾ ਹੈਂਡੀਕੈਪ ਕੈਟੇਗਰੀ ਏ (0-17) ਅਤੇ ਸ਼ੇਖਰ ਹੈਂਡੀਕੈਪ ਕੈਟੇਗਰੀ ਬੀ (18-24) ਨੇ ਰਾਸ਼ਟਰੀ ਫਾਈਨਲਸ 'ਚ ਜਗ੍ਹਾ ਬਣਾ ਲਈ ਹੈ। ਅਮਿਤ ਅਤੇ ਸ਼ੇਖਰ ਨੇ ਇਸ ਪੜਾਅ ਤੋਂ ਦੋ ਕੁਆਲੀਫਿਕੇਸ਼ਨ ਸਥਾਨ ਹਾਸਲ ਕਰ ਲਏ। ਦੋਹਾਂ ਨੇ ਕ੍ਰਮਵਾਰ 70 ਅਤੇ 70.02 ਦਾ ਸਕੋਰ ਕੀਤਾ। ਮਰਸੀਡੀਸ ਟਰਾਫੀ ਦੇ ਲਈ ਇਨ੍ਹਾਂ ਦੋ ਗੋਲਫਰਾਂ ਨੂੰ ਮਿਲਾ ਕੇ ਅਜੇ ਤੱਕ 33 ਕੁਆਲੀਫਾਇਰਸ ਹੋ ਚੁੱਕੇ ਹਨ। ਰਾਸ਼ਟਰੀ ਫਾਈਨਲਸ ਪੁਣੇ ਦੇ ਆਕਸਫੋਰਡ ਗੋਲਫ ਰਿਜ਼ਾਰਟ 'ਚ 4-6 ਅਪ੍ਰੈਲ ਤੱਕ ਖੇਡਿਆ ਜਾਵੇਗਾ।

ਅਮਿਤ ਲੂਥਰਾ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ, ''ਭਾਰਤ ਲਈ 20 ਸਾਲ ਤੋਂ ਜ਼ਿਆਦਾ ਸਮੇਂ ਤੱਕ ਖੇਡਣ ਅਤੇ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿੱਤਣ ਦੇ ਬਾਅਦ ਮਰਸੀਡੀਸ ਟਰਾਫੀ ਦੇ ਫਾਈਨਲਸ ਦੇ ਲਈ ਕੁਆਲੀਫਾਈ ਕਰਨਾ ਇਕ ਅਲਗ ਅਹਿਸਾਸ ਹੈ। ਮੈਨੂੰ ਹੁਣ ਪੁਣੇ 'ਚ ਖੇਡਣ ਦਾ ਇੰਤਜ਼ਾਰ ਹੈ। ਮੈਨੂੰ ਉਮੀਦ ਹੈ ਕਿ ਮੈਂ ਸਟਟਗਾਰਡ ਦੇ ਲਈ ਕੁਆਲੀਫਾਈ ਕਰ ਸਕਾਂਗਾ ਅਤੇ ਭਾਰਤ ਦੀ ਨੁਮਇੰਦਗੀ ਕਰ ਸਕਾਂਗਾ। ਗੁਰੂਗ੍ਰਾਮ ਗੇੜ ਕੁਆਲੀਫਾਇਰ ਦੇ ਪਹਿਲੇ ਦਿਨ ਕੁਲ 107 ਗੋਲਫਰ ਉਤਰੇ। ਇਸ ਟਰਾਫੀ ਦਾ ਆਯੋਜਨ ਦੇਸ਼ ਦੇ 12 ਸ਼ਹਿਰਾਂ 'ਚ ਕੀਤਾ ਜਾਵੇਗਾ। ਅਗਲੇ ਦੋ ਪੜਾਅ ਨੋਏਡਾ ਅਤੇ ਜੈਪੁਰ 'ਚ ਹੋਣਗੇ ਅਤੇ 45 ਜੇਤੂ ਰਾਸ਼ਟਰੀ ਫਾਈਨਲਸ 'ਚ ਉਤਰਨਗੇ। ਕੁਆਲੀਫਾਇਰਸ 11 ਮਾਰਚ ਨੂੰ ਜੈਪੁਰ 'ਚ ਸਮਾਪਤ ਹੋਣਗੇ। ਰਾਸ਼ਟਰੀ ਫਾਈਨਲਸ ਤੋਂ ਤਿੰਨ ਜੇਤੂਆਂ ਨੂੰ 60 ਹੋਰ ਦੇਸ਼ਾਂ ਦੇ ਜੇਤੂਆਂ ਦੇ ਨਾਲ ਮਰਸੀਡੀਸ ਟਰਾਫੀ ਵਰਲਡ ਕੱਪ ਫਾਈਨਲਸ ਦੇ 29ਵੇਂ ਸੰਸਕਰਣ 'ਚ ਉਤਰਨ ਦਾ ਮੌਕਾ ਮਿਲੇਗਾ ਜੋ ਜਰਮਨੀ ਦੇ ਸਟਟਗਾਰਟ 'ਚ ਖੇਡਿਆ ਜਾਵੇਗਾ।