IPL ਤੋਂ ਪਹਿਲਾਂ ਹੀ KXIP ਨੂੰ ਵੱਡਾ ਝਟਕਾ, ਸ਼ੁਰੂਆਤੀ ਮੈਚਾਂ 'ਚੋਂ ਬਾਹਰ ਸਕਦੈ ਇਹ ਧਾਕੜ ਬੱਲੇਬਾਜ਼

02/12/2020 6:37:31 PM

ਸਪੋਰਟਸ ਡੈਸਕ— ਸਪੋਰਟਸ ਡੈਸਕ— ਆਸਟਰੇਲੀਆ ਦੇ ਹਰਫਨਮੌਲਾ ਗਲੈਨ ਮੈਕਸਵੇਲ ਕੂਹਣੀ ਦੀ ਸੱਟ ਕਾਰਨ ਆਈ. ਪੀ. ਐੱਲ ਦੇ ਸ਼ੁਰੂਆਤੀ ਦੌਰ ਤੋਂ ਬਾਹਰ ਰਹਿ ਸਕਦਾ ਹੈ ਜਿਸ ਦੀ ਵਜ੍ਹਾ ਕਰਕੇ ਉਹ ਦੱਖਣੀ ਅਫਰੀਕਾ ਦੇ ਅਗਲੇ ਵਨ-ਡੇ ਦੌਰੇ ਤੋਂ ਵੀ ਬਾਹਰ ਹੋ ਗਿਆ ਹੈ। ਦੱਖਣੀ ਅਫਰੀਕੀ ਦੌਰਾ 21 ਫਰਵਰੀ ਤੋਂ ਸ਼ੁਰੂ ਹੋਵੇਗਾ। ਮੈਕਸਵੇਲ ਦੀ ਖੱਬੀ ਕੂਹਣੀ 'ਤੇ ਸੱਟ ਲੱਗੀ ਹੈ ਜਿਸਦਾ ਹੁਣ ਆਪਰੇਸ਼ਨ ਹੋਵੇਗਾ। ਉਸ ਦੀ ਜਗ੍ਹਾ ਟੀਮ 'ਚ ਡਾਰਸੀ ਸ਼ਾਰਟ ਨੂੰ ਸ਼ਾਮਲ ਕੀਤਾ ਗਿਆ ਹੈ। 

ਇਹ ਸੱਟ ਆਸਟਰੇਲੀਆ ਦੇ ਨਾਲ-ਨਾਲ ਆਈ. ਪੀ. ਐੱਲ. ਟੀਮ ਕਿੰਗਜ਼ ਇਲੈਵਨ ਪੰਜਾਬ ਲਈ ਵੀ ਬੁਰੀ ਖਬਰ ਹੈ ਕਿਉਂਕਿ ਮੈਕਸਵੇਲ ਕਿੰਗਜ਼ ਇਲੈਵਨ ਪੰਜਾਬ ਟੀਮ 'ਚ ਹਨ। ਆਈ. ਪੀ. ਐੱਲ. ਦੀ ਇਸ ਸੀਜ਼ਨ ਦੀ ਨਿਲਾਮੀ 'ਚ ਪੰਜਾਬ ਨੇ ਮੈਕਸਵੇਲ 'ਤੇ ਬਹੁਤ ਵੱਡਾ ਦਾਅ ਖੇਡਿਆ ਸੀ। ਕਿੰਗਜ਼ ਇਲੈਵਨ ਪੰਜਾਬ ਨੇ ਇਸ ਧਾਕੜ ਆਸਟਰੇਲੀਆਈ ਆਲਰਾਊਡਰ ਗਲੈਨ ਮੈਕਸਵੇਲ ਨੂੰ 10.75 ਕਰੋੜ ਰੂਪਏ ਦੀ ਵੱਡੀ ਰਕਮ ਦੇ ਕੇ ਆਪਣੇ ਨਾਲ ਜੋੜਿਆ ਸੀ। ਹਾਲਾਂਕਿ ਹੁਣ ਕਿੰਗਜ਼ ਇਲੈਵਨ ਪੰਜਾਬ ਦੇ ਹੈੱਡ ਕੋਚ ਅਨਿਲ ਕੁੰਬਲੇ ਦੇ ਮੱਥੇ 'ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਖਿੱਚ ਗਈਆਂ ਹਨ।

ਕ੍ਰਿਕਟ ਆਸਟਰੇਲੀਆ ਦਾ ਕਹਿਣਾ ਹੈ ਕਿ ਮੈਕਸਵੇਲ ਨੂੰ ਪੂਰੀ ਤਰ੍ਹਾਂ ਫਿੱਟ ਹੋਣ 'ਚ 6 ਤੋਂ 8 ਹਫ਼ਤੇ ਲੱਗਣਗੇ ਜਿਸਦਾ ਮਤਲਬ ਇਹ ਹੋਇਆ ਕਿ ਇਸ ਆਸਟਰੇਲੀਆਈ ਆਲਰਾਊਂਡ ਦਾ ਆਈ. ਪੀ.ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਰਹਿਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਗਲੈਨ ਮੈਕਸਵੇਲ ਨੇ ਆਸਟਰੇਲੀਆਈ ਕ੍ਰਿਕਟ ਟੀਮ ਦੇ ਮੈਡੀਕਲ ਸਟਾਫ ਨੂੰ ਦੱਸਿਆ ਕਿ ਬਿੱਗ ਬੈਸ਼ ਲੀਗ ਦੇ ਦੌਰਾਨ ਉਠਿਆ ਉਸ ਦੀ ਕੂਹਣੀ ਦਾ ਦਰਦ ਪਿਛਲੇ ਹਫਤੇ ਤੋਂ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ ਹੈ। ਇਸ ਤੋਂ ਬਾਅਦ ਕ੍ਰਿਕਟ ਵਿਕਟੋਰੀਆ ਦੇ ਡਾਕਟਰ ਟ੍ਰੇਫਰ ਜੇਮਸ ਨੇ ਉਨ੍ਹਾਂ ਦੀ ਸੱਟ ਦੀ ਸਮਿਖਿਆ ਕੀਤੀ ਅਤੇ ਉਸ ਦਾ ਸਕੈਨ ਕਰਾਇਆ। ਸਕੈਨ 'ਚ ਕੂਹਣੀ ਦੇ ਜੋੜ ਦੇ ਕੋਲ ਲਿਗਾਮੈਂਟ ਕੁਝ ਕਮਜ਼ੋਰ ਪੈ ਗਏ ਹਨ। ਇਹੀ ਵਜ੍ਹਾ ਹੈ ਕਿ ਹੁਣ ਵੀਰਵਾਰ ਨੂੰ ਮੈਕਸਵੇਲ ਦਾ ਆਪ੍ਰੇਸ਼ਨ ਕੀਤਾ ਜਾਵੇਗਾ।

ਗਲੈਨ ਮੈਕਸਵੇਲ ਨੇ ਆਈ. ਪੀ. ਐੱਲ 'ਚ 69 ਮੁਕਾਬਲੇ ਖੇਡੇ ਹਨ। ਇਨ੍ਹਾਂ 'ਚ ਉਸ ਨੇ 22.90 ਦੀ ਔਸਤ ਅਤੇ 161.13 ਦੀ ਸਟ੍ਰਾਈਕ ਰੇਟ ਨਾਲ 1397 ਦੌੜਾਂ ਬਣਾਈਆਂ ਹਨ। ਉਸ ਦਾ ਸਰਵਸ਼੍ਰੇਸ਼ਠ ਸਕੋਰ 95 ਦੌੜਾਂ ਹਨ। 7 ਵਾਰ ਅਜੇਤੂ ਰਹੇ ਮੈਕਸਵੇਲ ਨੇ ਟੂਰਨਾਮੈਂਟ 'ਚ ਕੁਲ 109 ਚੌਕੇ ਅਤੇ 91 ਛੱਕੇ ਲਗਾਏ ਹਨ। ਉਸ ਨੇ ਪਿੱਛਲੀ ਵਾਰ 2018 'ਚ ਆਈ. ਪੀ. ਐੱਲ 'ਚ ਹਿੱਸਾ ਲਿਆ ਸੀ। ਤਦ ਉਨ੍ਹਾਂ ਨੇ 12 ਮੈਚਾਂ 'ਚ 169 ਦੌੜਾਂ ਬਣਾਈਆਂ ਸਨ।

ਮੈਕਸਵੇਲ ਨੇ ਕਿਹਾ, ਆਸਟਰੇਲੀਆ ਲਈ ਖੇਡਣਾ ਸਨਮਾਨ ਦੀ ਗੱਲ ਹੈ। ਮੈਨੂੰ ਲੱਗ ਰਿਹਾ ਸੀ ਕਿ ਸੱਟ ਦੇ ਕਾਰਨ ਮੈਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸਮਰੱਥਾ ਦੇ ਸਮਾਨ ਪ੍ਰਦਰਸ਼ਨ ਨਹੀਂ ਕਰ ਸਕਾਂਗਾ। ਇਹੀ ਵਜ੍ਹਾ ਹੈ ਕਿ ਮੈਂ ਆਪਰੇਸ਼ਨ ਕਰਾਉਣ ਦਾ ਫੈਸਲਾ ਕੀਤਾ। ਮਾਨਸਿਕ ਸਿਹਤ ਕਾਰਨਾਂ ਕਰਕੇ ਅਕਤੂਬਰ 'ਚ ਕ੍ਰਿਕਟ ਤੋਂ ਬ੍ਰੇਕ ਲੈਣ ਵਾਲੇ ਮੈਕਸਵੇਲ ਨੂੰ ਉਸ ਤੋਂ ਬਾਅਦ ਪਹਿਲੀ ਵਾਰ ਰਾਸ਼ਟਰੀ ਟੀਮ 'ਚ ਚੁਣਿਆ ਗਿਆ ਸੀ। ਜਸਟਿਨ ਲੈਂਗਰ, ਬੇਨ ਓਲਿਵਰ, ਟ੍ਰੇਵਰ ਹਾਂਸ ਅਤੇ ਪੂਰੀ ਆਸਟਰੇਲੀਆਈ ਟੀਮ ਨੂੰ ਮੇਰਾ ਨਾਲ ਦੇਣ ਲਈ ਧੰਨਵਾਦ ਦਿੰਦਾ ਹਾਂ ।