ਗੈਟਲਿਨ ਦੇ ਏਜੰਟ ਨੇ ਕਿਹਾ ਕੋ ਅਤੇ ਆਈ. ਏ. ਏ. ਐੱਫ. ਦਾ ਵਤੀਰਾ ਗ਼ੈਰ-ਮਨੁੱਖੀ

08/09/2017 5:35:13 AM

ਲੰਡਨ— ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ. ਏ. ਏ. ਐੱਫ.) ਤੇ ਉਸ ਦੇ ਮੁਖੀ ਸੇਬੇਸਟੀਅਨ ਕੋ ਦੀ ਸਖਤ ਆਲੋਚਨਾ ਕਰਦਿਆਂ 100 ਮੀਟਰ ਦੇ ਵਿਵਾਦਪੂਰਨ ਚੈਂਪੀਅਨ ਜਸਟਿਨ ਗੈਟਲਿਨ ਦੇ ਏਜੰਟ ਨੇ ਇਸ ਫਰਾਟਾ ਦੌੜਾਕ ਪ੍ਰਤੀ ਉਨ੍ਹਾਂ ਦੇ ਵਤੀਰੇ ਨੂੰ 'ਗ਼ੈਰ-ਮਨੁੱਖੀ' ਅਤੇ 'ਖੇਡ ਭਾਵਨਾ ਦੇ ਉਲਟ' ਕਰਾਰ ਦਿੱਤਾ।
ਓਲੰਪਿਕ 1500 ਮੀਟਰ 'ਚ ਦੋ ਵਾਰ ਦੇ ਚੈਂਪੀਅਨ ਤੇ ਆਪਣੇ ਜ਼ਮਾਨੇ ਦੇ ਧਾਕੜ ਐਥਲੀਟ ਕੋ ਨੇ ਐਤਵਾਰ ਬੀ. ਬੀ. ਸੀ. ਨੂੰ ਕਿਹਾ ਸੀ ਕਿ ਦੋ ਵਾਰ ਡੋਪਿੰਗ ਦੇ ਦੋਸ਼ੀ ਰਹੇ ਗੈਟਲਿਨ ਦੀ ਲੰਡਨ 'ਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸਭ ਤੋਂ ਪ੍ਰਸਿੱਧ ਪ੍ਰਤੀਯੋਗਿਤਾ 'ਚ ਜਿੱਤ ਤੋਂ ਬਾਅਦ ਚੰਗਾ ਸੰਦੇਸ਼ ਨਹੀਂ ਗਿਆ। 
ਕੋ ਨੇ ਕਿਹਾ ਸੀ ਕਿ ਉਹ ਸੋਨ ਤਮਗਾ ਗੈਟਲਿਨ ਦੇ ਗਲੇ 'ਚ ਪਾਉਣ ਸਮੇਂ ਬਹੁਤ ਖੁਸ਼ ਨਹੀਂ ਸੀ। ਇਸ 'ਤੇ ਗੈਟਲਿਨ ਦੇ ਏਜੰਟ ਅਤੇ 110 ਮੀਟਰ ਅੜਿੱਕਾ ਦੌੜ ਦੇ ਸਾਬਕਾ ਵਿਸ਼ਵ ਰਿਕਾਰਡਧਾਰੀ ਰੋਨਾਲਡੋ ਨੇਹਮੇਨ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਤੇ ਕਿਹਾ, ''ਤੁਹਾਡੇ ਪੂਰੇ ਸਨਮਾਨ ਨਾਲ ਲਾਰਡ ਕੋ ਮੈਂ ਇਹ ਅਪਾਰਧ ਕਰ ਰਿਹਾ ਹਾਂ। ਮੈਂ ਡੋਪਿੰਗ ਦਾ ਸਮਰਥਨ ਨਹੀਂ ਕਰ ਰਿਹਾ ਪਰ ਜਸਟਿਨ ਗੈਟਲਿਨ ਇਸ ਦਾ 'ਪੋਸਟ ਬੁਆਏ' ਨਹੀਂ ਹੈ। ਇਹ ਨਿਯਮਾਂ ਨਾਲ ਖੇਡਿਆ ਤੇ ਆਈ. ਏ. ਏ. ਐੱਫ. ਨੇ ਉਸ ਦੀ ਵਾਪਸੀ ਕੀਤੀ।''