BCCI ਪ੍ਰਧਾਨ ਬਣਦਿਆਂ ਹੀ ਗਾਂਗੁਲੀ ਦਾ ਵੱਡਾ ਬਿਆਨ, ਧੋਨੀ ਦੇ ਭਵਿੱਖ 'ਤੇ ਕਹੀ ਇਹ ਗੱਲ

10/23/2019 3:57:07 PM

ਮੁੰਬਈ : ਨਵੇਂ ਬਣੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਮੁਕਤ ਕਾਰਜਕਾਲ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਉਸੇ ਤਰ੍ਹਾਂ ਦੁਨੀਆ ਦੀ ਸਭ ਤੋਂ ਅਮੀਰ ਸੰਸਥਾ ਦੀ ਅਗਵਾਈ ਕਰਨਗੇ ਜਿਸ ਤਰ੍ਹਾਂ ਨਾਲ ਉਸ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਗਾਂਗੁਲੀ ਨੇ ਇੱਥੇ ਆਮ ਬੈਠਕ ਵਿਚ ਅਧਿਕਾਰਤ ਤੌਰ 'ਤੇ ਬੀ. ਸੀ. ਸੀ. ਆਈ. ਪ੍ਰਧਾਨ ਦੇ ਤੌਰ 'ਤੇ ਅਹੁਦਾ ਸੰਭਾਲਦਿਆਂ ਮੀਡੀਆ ਨੂੰ ਕਿਹਾ, ''ਭਰੋਸੇਯੋਗ ਅਤੇ ਭ੍ਰਿਸ਼ਾਚਾਰ ਮੁਕਤ ਕਾਰਜਕਾਲ ਨਾਲ ਕੋਈ ਸਮਝੌਤਾ ਨਹੀਂ। ਮੈਂ ਜਿਸ ਤਰ੍ਹਾਂ ਨਾਲ ਭਾਰਤ ਦੀ ਅਗਵਾਈ ਕੀਤੀ ਸੀ, ਉਸੇ ਤਰ੍ਹਾਂ ਨਾਲ ਬੀ. ਸੀ. ਸੀ. ਆਈ. ਦਾ ਅਹੁਦਾ ਸੰਭਾਲਾਂਗਾ।''

ਗਾਂਗੁਲੀ ਭਾਰਤ ਦੇ 39ਵੇਂ ਬੀ. ਸੀ. ਸੀ. ਆਈ. ਪ੍ਰਧਾਨ ਬਣੇ। ਉਸ ਨੂੰ 10 ਮਹੀਨੇ ਲਈ ਬਿਨਾ ਮੁਕਾਬਲੇ ਦੇ ਚੁਣਿਆ ਗਿਆ। ਗਾਂਗੁਲੀ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਵੀਰਵਾਰ ਨੂੰ ਮੌਜੂਦਾ ਕਪਤਾਨ ਵਿਰਾਟ ਕੋਹਲੀ ਨਾਲ ਗੱਲ ਕਰਨਗੇ। ਕੋਹਲੀ ਨਾਲ ਗੱਲ ਕਰਨ ਦੇ ਬਾਰੇ ਪੁੱਛਣ 'ਤੇ ਗਾਂਗੁਲੀ ਨੇ ਕਿਹਾ, ''ਵਿਰਾਟ ਕੋਹਲੀ ਭਾਰਤੀ ਕ੍ਰਿਕਟ ਵਿਚ ਸਭ ਤੋਂ ਮਹੱਤਵਪੂਰਨ ਵਿਅਕਤੀ ਹਨ ਅਤੇ ਅਸੀਂ ਉਸ ਨੂੰ ਸੁਣਾਂਗੇ। ਇਕ-ਦੂਜੇ ਦੇ ਪ੍ਰਤੀ ਸਨਮਾਨ ਹੋਵੇਗਾ ਅਤੇ ਰਾਏ ਵੀ ਹੋਵੇਗੀ। ਮੈਂ ਕਲ ਵਿਰਾਟ ਨਾਲ ਗੱਲ ਕਰਾਂਗਾ ਅਤੇ ਅਸੀਂ ਉਸ ਨੂੰ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਾਂਗੇ, ਉਹ ਜੋ ਵੀ ਚਾਹੁੰਦੇ ਹਨ।'' ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਚਲ ਰਹੇ ਕਿਆਸਾਂ ਦੇ ਬਾਰੇ ਪੁੱਛਣ 'ਤੇ ਗਾਂਗੁਲੀ ਨੇ ਕਿਹਾ, ''ਚੈਂਪੀਅਨਸ ਇੰਨੀ ਜਲਦੀ ਸਮਾਪਤੀ ਨਹੀਂ ਕਰਦੇ। ਜਦੋਂ ਤਕ ਮੈਂ ਹਾਂ ਹਰ ਕਿਸੇ ਦਾ ਸਨਮਾਨ ਹੋਵੇਗਾ।''