ਨੇਤਾਵਾਂ ਨੂੰ ਰਹਿਣਾ ਚਾਹੀਦੈ ਖੇਡ ਮਹਾਸੰਘਾਂ ਦੇ ਮੁਖੀ : ਬੱਤਰਾ

05/07/2018 1:40:38 PM

ਨਵੀਂ ਦਿੱਲੀ—ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇਤਾਵਾਂ ਨੂੰ ਰਾਸ਼ਟਰੀ ਖੇਡ ਮਹਾਸੰਘਾਂ ਦੇ ਮੁਖੀ ਦੇ ਅਹੁਦਿਆਂ 'ਤੇ ਰੱਖਣ ਦੇ ਸਖਤ ਵਿਰੁੱਧ ਹੈ ਪਰ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ ਦਾ ਮੰਨਣਾ ਹੈ ਕਿ ਰਾਜਨੀਤਕ ਨੇਤਾਵਾਂ ਨੂੰ ਇਨ੍ਹਾਂ ਅਹੁਦਿਆਂ 'ਤੇ ਰੱਖਣ 'ਚ ਕੋਈ ਬੁਰਾਈ ਨਹੀਂ ਹੈ ਸਗੋਂ ਇਸ ਨਾਲ ਖੇਡਾਂ ਦਾ ਭਲਾ ਹੀ ਹੁੰਦਾ ਹੈ।

ਭਾਰਤੀ ਖੇਡਾਂ 'ਚ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਖੇਡ ਫੈੱਡਰੇਸ਼ਨਾਂ ਦੇ ਚੋਟੀ ਦੇ ਅਹੁਦਿਆਂ 'ਤੇ ਨੇਤਾਵਾਂ ਨੂੰ ਨਹੀਂ, ਖਿਡਾਰੀਆਂ ਨੂੰ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਖੇਡ ਮਹਾਸੰਘਾਂ ਦੇ ਚੋਟੀ ਦੇ ਅਹੁਦਿਆਂ 'ਤੇ ਬੈਠੇ ਰਾਜਨੀਤਕ ਨੇਤਾ ਖੇਡਾਂ ਦਾ ਨੁਕਸਾਨ ਕਰ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਹਟਾ ਕੇ ਖਿਡਾਰੀਆਂ ਨੂੰ ਇਨ੍ਹਾਂ ਅਹੁਦਿਆਂ 'ਤੇ ਬਿਠਾਇਆ ਜਾਵੇ।

'2028 ਓਲੰਪਿਕ 'ਚ 40 ਤਮਗੇ ਜਿੱਤਣ ਦਾ ਟੀਚਾ'
ਭਾਰਤ ਨੂੰ 2016 ਦੀਆਂ ਰੀਓ ਓਲੰਪਿਕ ਖੇਡਾਂ 'ਚ ਕਿਸੇ ਤਰ੍ਹਾਂ ਦੋ ਤਮਗੇ ਹਾਸਲ ਹੋਏ ਹੋਣ ਪਰ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਡਾ. ਨਰਿੰਦਰ ਬੱਤਰਾ ਨੇ 2028 ਦੀਆਂ ਓਲੰਪਿਕ ਖੇਡਾਂ ਵਿਚ 40 ਤਮਗੇ ਜਿੱਤਣ ਦਾ ਟੀਚਾ ਰੱਖਿਆ ਹੈ। 
ਬੱਤਰਾ ਨੇ ਇਥੇ ਕਿਹਾ, ''ਰਾਸ਼ਟਰਮੰਡਲ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਾਨੂੰ ਅਗਸਤ 'ਚ ਏਸ਼ੀਆਈ ਖੇਡਾਂ ਤੋਂ ਕਾਫੀ ਉਮੀਦਾਂ ਹਨ। ਸਾਡਾ ਪੂਰਾ ਧਿਆਨ 2020 ਤੇ 2024 ਦੀਆਂ ਓਲੰਪਿਕ ਖੇਡਾਂ 'ਤੇ ਲੱਗਾ ਹੋਇਆ ਹੈ ਪਰ ਇਸ ਦੇ ਲਈ ਸਾਨੂੰ ਸਾਰੇ ਖੇਡ ਮਹਾਸੰਘਾਂ ਦੇ ਸਮਰਥਨ ਤੇ ਸਰਕਾਰ ਦੇ ਸਹਿਯੋਗ ਦੀ ਲੋੜ ਪਵੇਗੀ।''