ਪੰਜਾਬੀ ਯੂਨੀਵਰਸਿਟੀ ਦਾ 10ਵੀਂ ਵਾਰ ''ਮਾਕਾ ਟਰਾਫੀ'' ''ਤੇ ਕਬਜ਼ਾ

08/26/2017 10:42:09 PM

ਪਟਿਆਲਾ (ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਖੇਡਾਂ ਦੇ ਖੇਤਰ ਵਿਚ ਸਰਵੋਤਮ ਯੂਨੀਵਰਸਿਟੀ ਬਣਨ ਦੇ ਨਾਲ ਹੀ 10ਵੀਂ ਵਾਰ ਅਤੇ ਲਗਾਤਾਰ ਛੇਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਦਾ ਮਾਣ ਹਾਸਲ ਕੀਤਾ ਹੈ। 
ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਟਰਾਫੀ 89635 ਪੁਆਇੰਟਸ ਨਾਲ ਜਿੱਤੀ, ਜੋ ਪਿਛਲੇ ਸਾਲ ਦੇ 84895 ਨਾਲੋਂ 4740 ਵੱਧ ਹੈ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ 23140 ਅੰਕਾਂ ਨਾਲ ਪਛਾੜ ਕੇ ਇਹ ਟਰਾਫੀ ਜਿੱਤੀ ਹੈ। 
ਜਾਣਕਾਰੀ ਦਿੰਦਿਆਂ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਟਰਾਫ਼ੀ ਲਈ 89635 ਅੰਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 66495 ਅੰਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ 50640 ਅੰਕ ਹਾਸਲ ਕਰ ਕੇ ਇਹ ਟਰਾਫੀ ਜਿੱਤਣ ਲਈ ਦਾਅਵਾ ਪੇਸ਼ ਕੀਤਾ ਸੀ। ਵਾਈਸ ਚਾਂਸਲਰ ਪ੍ਰੋ. ਬੀ. ਐੈੱਸ. ਘੁੰਮਣ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ 29 ਅਗਸਤ ਨੂੰ 'ਰਾਸ਼ਟਰੀ ਖੇਡ ਦਿਵਸ' ਮੌਕੇ ਰਾਸ਼ਟਰਪਤੀ ਪਾਸੋਂ ਰਾਸ਼ਟਰਪਤੀ ਭਵਨ ਵਿਖੇ 'ਮਾਕਾ' ਟਰਾਫੀ ਹਾਸਲ ਕਰਨਗੇ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਬੀ. ਐੈੱਸ. ਘੁੰਮਣ, ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਸਾਹਿਬ ਡਾ. ਮਨਜੀਤ ਸਿੰਘ ਨਿੱਝਰ, ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ, ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ ਅਤੇ ਯੂਨੀਵਰਸਿਟੀ ਅਥਾਰਟੀ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ।
ਵਾਈਸ ਚਾਂਸਲਰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਾਈਸ ਚਾਂਸਲਰ ਬਣਦਿਆਂ ਹੀ ਪੰਜਾਬੀ ਯੂਨੀਵਰਸਿਟੀ ਲਈ ਰਾਸ਼ਟਰੀ ਪੱਧਰ ਦਾ ਸਨਮਾਨ 'ਮਾਕਾ' ਟਰਾਫੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੋ ਰਿਹਾ ਹੈ। ਇਸ ਲਈ ਉਹ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਖੇਡ ਪਰਿਵਾਰ ਦੇ ਧੰਨਵਾਦੀ ਹਨ।